ਨਿਊ ਯਾਰਕ : ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਈਲੌਨ ਮਸਕ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਯਕੀਨੀ ਹਾਰ ਨਾਲ ਸਬੰਧਤ ਭਵਿੱਖਬਾਣੀ ਕੀਤੀ ਗਈ ਹੈ। ਜਰਮਨ ਸਰਕਾਰ ਡਿੱਗਣ ਮਗਰੋਂ ਇਕ ਯੂਜ਼ਰ ਪੋਸਟ ਕੀਤਾ ਸੀ ਕਿ ਕੈਨੇਡਾ ਨੂੰ ਟਰੂਡੋ ਤੋਂ ਨਿਜਾਤ ਹਾਸਲ ਕਰਨ ਲਈ ਮਸਕ ਦੀ ਮਦਦ ਲੈਣੀ ਚਾਹੀਦੀ ਹੈ ਜਿਸ ਦੇ ਜਵਾਬ ਵਿਚ ਮਸਕ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਟਰੂਡੋ ਖੁਦ ਹੀ ਹਾਰ ਜਾਣਗੇ। ਕੈਨੇਡਾ ਵਿਚ ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ ਪਰ ਲਿਬਰਲ ਪਾਰਟੀ ਵਿਚ ਬਗਾਵਤ ਅਤੇ ਵਿਰੋਧੀ ਧਿਰ ਵੱਲੋਂ ਟਰੂਡੋ ’ਤੇ ਕੁਰਸੀ ਛੱਡਣ ਲਈ ਪਾਏ ਜਾ ਰਹੇ ਦਬਾਅ ਦੇ ਮੱਦੇਨਜ਼ਰ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦੇ ਆਸਾਰ ਵੀ ਨਜ਼ਰ ਆ ਰਹੇ ਹਨ।

ਜਰਮਨ ਦੇ ਸਿਆਸੀ ਹਾਲਾਤ ਬਾਰੇ ਵੀ ਕੀਤੀਆਂ ਤਲਖ ਟਿੱਪਣੀਆਂ
ਪਿਛਲੇ ਸਮੇਂ ਦੌਰਾਨ ਮਹਿੰਗਾਈ ਅਤੇ ਰਿਹਾਇਸ਼ ਸੰਕਟ ਵਰਗੇ ਮਸਲੇ ਟਰੂਡੋ ਸਰਕਾਰ ਸਾਹਮਣੇ ਗੰਭੀਰ ਚੁਣੌਤੀਆਂ ਬਣੇ ਰਹੇ ਅਤੇ ਹਰ ਚੋਣ ਸਰਵੇਖਣ ਵਿਚ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਵਿਚ ਇਸ਼ਾਰਾ ਮਿਲ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਜਰਮਨ ਸਰਕਾਰ ਡਿੱਗਣ ਦੇ ਮਸਮਲੇ ’ਤੇ ਈਲੌਨ ਮਸਕ ਨੇ ਚਾਂਸਲਰ ਓਲਾਫ ਸ਼ੌਲਜ਼ ਦਾ ਮਖੌਲ ਉਡਾਇਆ ਅਤੇ ਉਨ੍ਹਾਂ ਨੂੰ ਮੂਰਖ ਵੀ ਦੱਸਿਆ। ਦਰਅਸਲ ਜਰਮਨੀ ਦੇ ਚਾਂਸਲਰ ਨੇ ਆਪਣੇ ਵਿੱਤ ਮੰਤਰੀ ਕ੍ਰਿਸਟੀਅਨ Çਲੰਡਨਰ ਨੂੰ ਬਰਖਾਸਤ ਕਰ ਦਿਤਾ ਅਤੇ Çਲੰਡਨਰ, ਫਰੀ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਹਨ ਜਿਸ ਵੱਲੋਂ ਘੱਟ ਗਿਣਤੀ ਸ਼ੌਲਜ਼ ਸਰਕਾਰ ਦੀ ਹਮਾਇਤ ਕੀਤੀ ਜਾ ਰਹੀ ਸੀ। ਫਰੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਗਠਜੋੜ ਵਿਚੋਂ ਬਾਹਰ ਹੁੰਦਿਆਂ ਹੀ ਸਰਕਾਰ ਘੱਟ ਗਿਣਤੀ ਵਿਚ ਰਹਿ ਗਈ। ਗਠਜੋੜ ਟੁੱਟਣ ਦੇ ਮੁੱਦੇ ’ਤੇ ਚਾਂਸਲਰ ਸ਼ੌਲਜ਼ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਲਈ ਵਿੱਤ ਮੰਤਰੀ ਨੂੰ ਬਰਖਾਸਤ ਕਰਨਾ ਲਾਜ਼ਮੀ ਹੋ ਗਿਆ। ਮਾਹਰਾਂ ਵੱਲੋਂ ਜਰਮਨ ਅਰਥਚਾਰੇ ਨੂੰ ਰੂਸ-ਯੂਕਰੇਨ ਜੰਗ ਨਾਲ ਜੋੜਿਆ ਜਾ ਰਿਹਾ ਹੈ। ਅਰਥਚਾਰੇ ਦੀ ਮਜ਼ਬੂਤੀ ਵਾਸਤੇ ਚਾਂਸਲਰ ਸ਼ੌਲਜ਼ ਵੱਧ ਤੋਂ ਵੱਧ ਕਰਜ਼ਾ ਲੈਣਾ ਚਾਹੁੰਦੇ ਸਨ ਪਰ ਵਿੱਤ ਮੰਤਰੀ ਨੇ ਤਿੱਖਾ ਵਿਰੋਧ ਕੀਤਾ ਅਤੇ ਖਰਚਿਆਂ ਵਿਚ ਕਟੌਤੀ ’ਤੇ ਜ਼ੋਰ ਦੇਣ ਲੱਗੇ। ਸਿਰਫ ਐਨਾ ਹੀ ਨਹੀਂ ਚਾਂਸਲਰ ਸ਼ੌਲਜ਼ ਯੂਕਰੇਨ ਦੇ ਸਹਾਇਤਾ ਪੈਕੇਜ ਨੂੰ 27 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ 1 ਲੱਖ 63 ਹਜ਼ਾਰ ਕਰੋੜ ਰੁਪਏ ਕਰਨਾ ਚਾਹੁੰਦੇ ਸਨ ਪਰ ਇਥੇ ਵੀ ਖਜ਼ਾਨਾ ਮੰਤਰੀ ਅੜਿੱਕਾ ਬਣ ਗਏ।