ਪਟਿਆਲਾ/ ਘਨੌਰ, 5 ਅਗਸਤ
ਤਿੰਨ ਅਗਸਤ ਨੂੰ ਭਾਖੜਾ ਦੀ ਨਰਵਾਣਾ ਬਰਾਂਚ ਵਿੱਚੋਂ ਘਨੌਰ ਨੇੜਿਓਂ ਮਿਲੀ ਲਾਸ਼ ਸਬੰਧੀ ਪੁਲੀਸ ਦਾ ਦਾਅਵਾ ਸਹੀ ਸਾਬਤ ਹੋਇਆ ਤੇ ਇਹ ਲਾਸ਼ ਖੇੜੀਗੰਡਿਆਂ ਤੋਂ 22 ਜੁਲਾਈ ਨੂੰ ਲਾਪਤਾ ਹੋਏ ਦਸ ਸਾਲਾ ਜਸ਼ਨਦੀਪ ਦੀ ਹੀ ਨਿਕਲੀ ਹੈ। ਅੱਜ ਮਾਪਿਆਂ ਨੇ ਆਪਣੇ ਪੁੱਤਰ ਦੀ ਲਾਸ਼ ਦੀ ਸ਼ਨਾਖ਼ਤ ਕਰਕੇ ਆਪਣੇ ਪਿੰਡ ਖੇੜੀ ਗੰਡਿਆਂ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਅਜਿਹੀ ਸੂਰਤ ਵਿਚ 27 ਜੁਲਾਈ ਨੂੰ ਮਿਲੀ ਇੱਕ ਹੋਰ ਬੱਚੇ ਦੀ ਲਾਸ਼ ਕਥਿਤ ਰੂਪ ਵਿੱਚ ਹਸ਼ਨਦੀਪ ਦੀ ਹੋਣ ਸਬੰਧੀ ਪੁਲੀਸ ਦਾ ਸ਼ੱਕ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਪਰ ਮਾਪਿਆਂ ਵੱਲੋਂ ਉਸ ਨੂੰ ਆਪਣਾ ਬੱਚਾ ਮੰਨਣ ਤੋਂ ਇਨਕਾਰੀ ਹੋਣ ਕਰਕੇ ਇਸ ਦੀ ਸ਼ਨਾਖ਼ਤ ਦਾ ਮਾਮਲਾ ਹੁਣ ਡੀਐੱਨਏ ਟੈਸਟ ’ਤੇ ਅਟਕਿਆ ਹੋਇਆ ਹੈ। ਸੈਂਪਲ ਸਬੰਧੀ ਰਾਜਪੁਰਾ ਦੀ ਅਦਾਲਤ ਵੱਲੋਂ ਮਾਪਿਆਂ ਨੂੰ 5 ਅਗਸਤ ਲਈ ਤਲਬ ਕੀਤਾ ਹੋਇਆ ਹੈ।
ਗੌਰਤਲਬ ਹੈ ਕਿ ਲਾਪਤਾ ਭਰਾਵਾਂ ਦੀ ਤਲਾਸ਼ ਦੌਰਾਨ 3 ਅਗਸਤ ਨੂੰ ਨਹਿਰ ਵਿਚੋਂ ਮਿਲੀ ਲਾਸ਼ ’ਤੇ ਪਹਿਲਾਂ ਦੱਸੀਆਂ ਨਿਸ਼ਾਨੀਆਂ (ਨੀਲਾ ਲੋਅਰ, ਲਾਲ ਟੀ ਸ਼ਰਟ, ਗਲ ’ਚ ਕਾਲਾ ਧਾਗਾ ਤੇ ਗੁੱਟ ’ਤੇ ਖੰਮ੍ਹਣੀ ਆਦਿ ਦੇ ਬਾਵਜੂਦ ਮਾਪਿਆਂ ਵੱਲੋਂ ਕੱਲ੍ਹ ਲਾਸ਼ ਨੂੰ ਨਾ ਪਛਾਨਣ ਤੇ ਅੱਜ ਸ਼ਨਾਖ਼ਤ ਕਰ ਦੇਣ ਦਾ ਮਾਮਲਾ ਦਿਨ ਭਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਮਾਪਿਆਂ ਦੀ ਸਹਿਮਤੀ ਮਗਰੋਂ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਨੇ ਕੀਤਾ। ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਸਾਬਕਾ ਸਰਪੰਚ ਡਿੰਪਲ ਚਪੜ ਆਦਿ ਵੀ ਮੌਜੂਦ ਸਨ। ਸਸਕਾਰ ਵਿੱਚ ਵਿਧਾਇਕ ਸਮੇਤ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ।
ਉਧਰ ਮੌਤ ਦੇ ਅਸਲ ਕਾਰਨ ਤਾਂ ਪੋਸਟਮਾਰਟਮ ਦੀ ਰਿਪੋਰਟ ਹੀ ਸਪੱਸ਼ਟ ਕਰੇਗੀ ਪਰ ਸੂਤਰਾਂ ਅਨੁਸਾਰ ਮੁੱਢਲੇ ਤੱਥਾਂ ਤਹਿਤ ਬੱਚੇ ਦੇ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਤੇ ਮੌਤ ਡੁੱਬਣ ਕਾਰਨ ਹੀ ਹੋੋਈ ਮੰਨੀ ਜਾਂਦੀ ਹੈ। ਮਾਪਿਆਂ ਦੇ ਦੱਸਣ ਅਨੁਸਾਰ ਹੀ ਬੱਚਿਆਂ ਵੱਲੋਂ ਅੰਤਿਮ ਸਮੇਂ ਰਾਜਮਾਂਹ ਅਤੇ ਚਾਵਲ ਖਾਣ ਦੀ ਗੱਲ ਵੀ ਪੋਸਟ ਮਾਰਟਮ ਦੌਰਾਨ ਸਾਹਮਣੇ ਆਈ ਹੈ। ਭਾਵੇਂ ਦੂਜੀ ਲਾਸ਼ ਨੂੰ ਮਾਪਿਆਂ ਨੇ ਪਛਾਣਨ ਤੋਂ ਇਨਕਾਰ ਕੀਤਾ ਹੈ ਤੇ ਪੋਸਟਮਾਰਟਮ ਰਿਪੋਰਟ ਵੀ ਅਜੇ ਆਉਣੀ ਹੈ ਪਰ ਸੂਤਰਾਂ ਮੁਤਾਬਿਕ ਇਸ ਦੇ ਪੋਸਟਮਾਰਟਮ ਦੌਰਾਨ ਵੀ ਅੰਤਿਮ ਸਮੇਂ ਚਾਵਲ ਤੇ ਰਾਜਮਾਂਹ ਖਾਧੇ ਹੋਣ ਦੇ ਤੱਥ ਸਾਹਮਣੇ ਆਏ ਹਨ। ਮੌਤ ਵੀ ਡੁੱਬਣ ਕਾਰਨ ਹੀ ਹੋਈ ਤੇ ਕੋਈ ਸੱਟ ਦਾ ਨਿਸ਼ਾਨ ਵੀ ਨਹੀਂ। ਸੰਪਰਕ ਕਰਨ ’ਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਜਸ਼ਨ ਦੀ ਲਾਸ਼ ਦੀ ਪਛਾਣ ਹੋਣ ਦੀ ਪੁਸ਼ਟੀ ਕਰਦਿਆਂ ਇੱਕ ਹੋਰ ਬੱਚੇ ਦੀ ਲਾਸ਼ ਦੀ ਸ਼ਨਾਖ਼ਤ ਦਾ ਮਾਮਲਾ ਅਜੇ ਡੀਐੱਨਏ ਟੈਸਟ ’ਤੇ ਹੀ ਅਟਕਿਆ ਹੋਣ ਦੀ ਗੱਲ ਮੰਨੀ ਹੈ।