ਮਈ 2024 ਤੋਂ ਮਈ 2025 ਤੱਕ ਦੁਨੀਆ ਦੀ ਅੱਧੀ ਆਬਾਦੀ ਨੂੰ ਇੱਕ ਮਹੀਨੇ ਵੱਧ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਲੋਕ ਬਿਮਾਰ ਹੋਏ, ਮੌਤਾਂ ਹੋਈਆਂ, ਫਸਲਾਂ ਤਬਾਹ ਹੋਈਆਂ, ਅਤੇ ਊਰਜਾ ਤੇ ਸਿਹਤ ਸੰਭਾਲ ਪ੍ਰਣਾਲੀਆਂ ‘ਤੇ ਭਾਰੀ ਦਬਾਅ ਪਿਆ। ਵਰਲਡ ਵੈਦਰ ਐਟ੍ਰੀਬਿਊਸ਼ਨ, ਕਲਾਈਮੇਟ ਸੈਂਟਰਲ, ਅਤੇ ਰੈੱਡ ਕਰਾਸ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਹੈ।

ਰਿਪੋਰਟ ਵਿੱਚ ਕਿਹਾ ਗਿਆ ਕਿ ਹੜ੍ਹ ਅਤੇ ਚੱਕਰਵਾਤ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ, ਪਰ ਗਰਮੀ ਸਭ ਤੋਂ ਘਾਤਕ ਹੈ। ਗਰਮੀ ਕਾਰਨ ਹੋਣ ਵਾਲੀਆਂ ਮੌਤਾਂ ਅਕਸਰ ਰਿਪੋਰਟ ਨਹੀਂ ਹੁੰਦੀਆਂ ਜਾਂ ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਜਾਂ ਕਿਡਨੀ ਫੇਲੀਅਰ ਵਰਗੀਆਂ ਹੋਰ ਬਿਮਾਰੀਆਂ ਦੇ ਨਾਂ ‘ਤੇ ਗਲਤ ਤਰੀਕੇ ਨਾਲ ਦਰਜ ਕੀਤਾ ਜਾਂਦਾ ਹੈ।

ਭਿਆਨਕ ਗਰਮੀ ਵਾਲੇ ਦਿਨਾਂ ਦੀ ਗਿਣਤੀ ਵਧੀ

ਵਿਗਿਆਨੀਆਂ ਨੇ ਖੋਜ ਕੀਤੀ ਕਿ ਜਲਵਾਯੂ ਪਰਿਵਰਤਨ ਨੇ ਅਤਿ ਗਰਮੀ ਦੀਆਂ ਘਟਨਾਵਾਂ ਵਿੱਚ ਤਾਪਮਾਨ ਨੂੰ ਕਿੰਨਾ ਵਧਾਇਆ ਅਤੇ ਗਣਨਾ ਕੀਤੀ ਕਿ ਅਜਿਹਾ ਹੋਣ ਦੀ ਸੰਭਾਵਨਾ ਜਲਵਾਯੂ ਪਰਿਵਰਤਨ ਕਾਰਨ ਕਿੰਨੀ ਜ਼ਿਆਦਾ ਸੀ। ਖੋਜ ਵਿੱਚ ਪਤਾ ਲੱਗਾ ਕਿ ਜਲਵਾਯੂ ਪਰਿਵਰਤਨ ਤੋਂ ਬਿਨਾਂ ਸਾਰੇ ਦੇਸ਼ਾਂ ਵਿੱਚ ਅਤਿ ਗਰਮੀ ਵਾਲੇ ਦਿਨਾਂ ਦੀ ਗਿਣਤੀ ਘੱਟੋ-ਘੱਟ ਦੁੱਗਣੀ ਹੋ ਗਈ ਹੈ। ਕੈਰੇਬੀਅਨ ਟਾਪੂ ਇਨ੍ਹਾਂ ਗਰਮੀ ਵਾਲੇ ਦਿਨਾਂ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਅਮਰੀਕਾ ਦੇ ਪੋਰਟੋ ਰੀਕੋ ਵਿੱਚ 161 ਦਿਨ ਤੱਕ ਅਤਿ ਗਰਮੀ ਰਹੀ, ਜਦਕਿ ਜਲਵਾਯੂ ਪਰਿਵਰਤਨ ਤੋਂ ਬਿਨਾਂ ਸਿਰਫ਼ 48 ਦਿਨ ਹੀ ਜ਼ਿਆਦਾ ਗਰਮੀ ਪੈਂਦੀ।

ਰਿਪੋਰਟ ਦੇ ਲੇਖਕ ਅਤੇ ਇੰਪੀਰੀਅਲ ਕਾਲਜ ਲੰਡਨ ਵਿੱਚ ਜਲਵਾਯੂ ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਫਰੈਡਰਿਕ ਓਟੋ ਨੇ ਕਿਹਾ ਕਿ ਗਰਮੀ ਦੀਆਂ ਲਹਿਰਾਂ ਚੁੱਪ ਚੁਪੀਤੇ ਮਾਰਦੀਆਂ ਹਨ। ਲੋਕ ਸੜਕਾਂ ‘ਤੇ ਨਹੀਂ, ਸਗੋਂ ਹਸਪਤਾਲਾਂ ਜਾਂ ਮਾੜੇ ਇਨਸੂਲੇਟਡ ਘਰਾਂ ਵਿੱਚ ਮਰਦੇ ਹਨ, ਇਸ ਲਈ ਇਹ ਮੌਤਾਂ ਨਜ਼ਰ ਨਹੀਂ ਆਉਂਦੀਆਂ।

ਜਲਵਾਯੂ ਪਰਿਵਰਤਨ ਨਾਲ ਵਧ ਰਿਹਾ ਤਾਪਮਾਨ

ਰਿਪੋਰਟ ਵਿੱਚ ਕਿਹਾ ਗਿਆ ਕਿ ਮਾਰਚ ਵਿੱਚ ਮੱਧ ਏਸ਼ੀਆ, ਫਰਵਰੀ ਵਿੱਚ ਦੱਖਣੀ ਸੂਡਾਨ, ਅਤੇ ਪਿਛਲੇ ਜੁਲਾਈ ਵਿੱਚ ਮੈਡੀਟੇਰੀਅਨ ਸਾਗਰ ਵਿੱਚ ਹੋਈ ਭਿਆਨਕ ਗਰਮੀ ਦਾ ਕਾਰਨ ਜਲਵਾਯੂ ਪਰਿਵਰਤਨ ਕਾਰਨ ਵਧਦਾ ਤਾਪਮਾਨ ਸੀ। ਜੁਲਾਈ ਵਿੱਚ ਮੋਰੱਕੋ ਵਿੱਚ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚਣ ਨਾਲ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ।