ਦਾਵੋਸ, 18 ਜਨਵਰੀ
ਵਿਸ਼ਵ ਆਰਥਿਕ ਮੰਚ (ਡਬਲਿਊਈਐਫ) ਨੇ ਕੁਦਰਤ ਨੂੰ ਹੋਏ ਨੁਕਸਾਨ ਦੀ ਪੂਰਤੀ, ਜੈਵ ਵਿਭਿੰਨਤਾ ਦੀ 2050 ਤੱਕ ਬਹਾਲੀ ਯਕੀਨੀ ਬਣਾਉਣ ਤੇ ਨਿਕਾਸੀ ਸਿਫ਼ਰ ਕਰਨ ਦੇ ਮੰਤਵ ਨਾਲ ਪ੍ਰਤੀ ਸਾਲ ਤਿੰਨ ਹਜ਼ਾਰ ਅਰਬ ਡਾਲਰ ਦੀ ਲੋੜ ਨੂੰ ਪੂਰਨ ਲਈ ‘ਗਿਵਿੰਗ ਟੂ ਐਂਪਲੀਫਾਈ ਅਰਥ ਐਕਸ਼ਨ’ ਦੇ ਰੂਪ ਵਿਚ ਨਵੀਂ ਪਹਿਲ ਕੀਤੀ ਹੈ। ਨਵੀਆਂ ਤੇ ਵਰਤਮਾਨ ਜਨਤਕ, ਪ੍ਰਾਈਵੇਟ ਤੇ ਦਾਨੀ ਮੁਹਿੰਮਾਂ ਦੀ ਹਿੱਸੇਦਾਰੀ (ਪੀਪੀਪੀਪੀਜ਼) ਦੀ ਆਲਮੀ ਪਹਿਲ ਨੂੰ ਐਚਸੀਐਲ ਟੈੱਕਨੋਲੌਜੀ ਸਹਿਤ 45 ਤੋਂ ਵੱਧ ਹਿੱਸੇਦਾਰਾਂ ਨੇ ਸਮਰਥਨ ਦਿੱਤਾ ਹੈ। ਫੋਰਮ ਨੇ ਕਿਹਾ ਕਿ ਊਰਜਾ ਤੇ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਵਿਚਾਲੇ ਧਰਤੀ ਉਤੇ ਤਾਪਮਾਨ ਵਿਚ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਰੋਕਣ ਦੇ ਯਤਨ ਅੱਧਵਾਟੇ ਲਟਕੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੰਪੂਰਨ ਧਰਤੀ ਤੇ ਸਮੁੰਦਰ ਦੇ 30 ਪ੍ਰਤੀਸ਼ਤ ਹਿੱਸੇ ਨੂੰ ਸੰਭਾਲਣ ਲਈ ਮਾਂਟਰੀਅਲ ਵਿਚ ਸੰਯੁਕਤ ਰਾਸ਼ਟਰ ਜੈਵ ਵਿਭਿੰਨਤਾ ਸੰਮੇਲਨ ਵਿਚ ਹਾਲ ਹੀ ਵਿਚ ਹੋਇਆ ਸਮਝੌਤਾ ਠੀਕ ਲੱਗਦਾ ਹੈ ਕਿ ਪਰ ਜੈਵ ਵਿਭਿੰਨਤਾ ਦੇ ਸੰਕਟ ’ਚ ਇਹ ਕਮਜ਼ੋਰ ਨਜ਼ਰ ਆਉਂਦਾ ਹੈ। ਫੋਰਮ ਨੇ ਕਿਹਾ ਕਿ ਹਾਲੇ ਇਸ ਲਈ ਫੰਡ ਦੀ ਰਫ਼ਤਾਰ ਸੁਸਤ ਹੈ ਤੇ ਇਹ ਕਾਫ਼ੀ ਨਹੀਂ ਹੈ। ਮਦਦ ਲਈ ਦਾਨ ਦੇਣ ਵਾਲੇ ਲੋਕ ਇਸ ਦਾ ਹੱਲ ਕਰ ਸਕਦੇ ਹਨ। ਇਸੇ ਦੌਰਾਨ ਵਿਸ਼ਵ ਆਰਥਿਕ ਫੋਰਮ ਵਿਚ ਅੱਜ ਭਾਰਤ ਦੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਆਲਮੀ ਆਗੂਆਂ ਨੂੰ ਭਾਰਤ ਨਾਲ ਭਾਈਵਾਲੀ ਦਾ ਸੱਦਾ ਦਿੱਤਾ ਤਾਂ ਕਿ ਸੰਸਾਰ ਨੂੰ ਇਕ ਸਿਹਤਮੰਦ ਥਾਂ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ‘ਮੈਡੀਕਲ ਟੂਰਿਜ਼ਮ’ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਨਾਲ ਪੂਰੇ ਸੰਸਾਰ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਇਕ ਸਮਰੱਥ ਢਾਂਚਾ ਕਾਇਮ ਕੀਤਾ ਜਾ ਸਕਦਾ ਹੈ। ਉਨ੍ਹਾਂ ਸਾਰੇ ਹਿੱਤਧਾਰਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਮੌਕਿਆਂ ਦੀ ਧਰਤੀ ਵਜੋਂ ਦੇਖਣ ਤੇ ਭਾਰਤ ਨਾਲ ਭਾਈਵਾਲੀ ਕਰ ਕੇ ਇਨ੍ਹਾਂ ਦਾ ਲਾਹਾ ਲੈਣ।