ਦੱਖਣੀ ਜਰਮਨੀ ਵਿੱਚ ਇੱਕ ਰੇਲ ਹਾਦਸਾ ਵਾਪਰਿਆ ਹੈ। ਐਤਵਾਰ ਨੂੰ ਇੱਥੇ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ। ਇਸ ਘਟਨਾ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਇਸ ਰੇਲ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਕਿ ਮਿਊਨਿਖ ਤੋਂ ਲਗਭਗ 158 ਕਿਲੋਮੀਟਰ (98 ਮੀਲ) ਪੱਛਮ ਵਿੱਚ ਰੀਡਲਿੰਗਨ ਨੇੜੇ ਵਾਪਰਿਆ ਸੀ। ਯਾਤਰੀ ਰੇਲਗੱਡੀ ਜਰਮਨ ਸ਼ਹਿਰ ਸਿਗਮਾਰਿੰਗਨ ਤੋਂ ਉਲਮ ਸ਼ਹਿਰ ਜਾ ਰਹੀ ਸੀ। ਇਸ ਹਾਦਸੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਹ ਅਜੇ ਸਪੱਸ਼ਟ ਨਹੀਂ ਹੈ। ਜਦੋਂ ਇਹ ਹਾਦਸਾ ਹੋਇਆ ਤਾਂ ਰੇਲਗੱਡੀ ਵਿੱਚ ਲਗਭਗ 100 ਲੋਕ ਸਵਾਰ ਸਨ। ਇੱਥੇ ਭਾਰੀ ਮੀਂਹ ਪਿਆ ਹੈ, ਇਸ ਲਈ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰੀ ਮੀਂਹ ਜਾਂ ਜ਼ਮੀਨ ਖਿਸਕਣ ਕਾਰਨ ਇਹ ਹਾਦਸਾ ਹੋ ਸਕਦਾ ਹੈ।
ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਉਹ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ।ਜਰਮਨੀ ਦੀ ਮੁੱਖ ਰਾਸ਼ਟਰੀ ਰੇਲ ਸੰਚਾਲਨ ਕੰਪਨੀ ‘ਡਿਊਸ਼ ਬਾਨ’ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਜਾਂਚਕਰਤਾਵਾਂ ਨਾਲ ਸਹਿਯੋਗ ਕਰ ਰਹੀ ਹੈ। ਕੰਪਨੀ ਨੇ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਹਾਦਸੇ ਤੋਂ ਤੁਰੰਤ ਬਾਅਦ ਹੈਲੀਕਾਪਟਰ ਜ਼ਖਮੀਆਂ ਨੂੰ ਇਲਾਕੇ ਦੇ ਹਸਪਤਾਲਾਂ ਵਿੱਚ ਪਹੁੰਚਾਉਣ ਲਈ ਪਹੁੰਚੇ। ਇਸ ਦੌਰਾਨ ਨੇੜਲੇ ਹਸਪਤਾਲਾਂ ਦੇ ਐਮਰਜੈਂਸੀ ਡਾਕਟਰਾਂ ਨੂੰ ਵੀ ਸੂਚਿਤ ਕੀਤਾ ਗਿਆ। ਯਾਤਰੀਆਂ ਨੇ ਅਕਸਰ ਜਰਮਨ ਰੇਲ ਆਵਾਜਾਈ ਦੀ ਆਲੋਚਨਾ ਕੀਤੀ ਹੈ। ਰੇਲਗੱਡੀਆਂ ਦਾ ਦੇਰੀ ਨਾਲ ਆਉਣਾ ਅਤੇ ਕਈ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਆਮ ਗੱਲ ਹੋ ਗਈ ਹੈ। ਜੂਨ 2022 ਵਿੱਚ, ਦੱਖਣੀ ਜਰਮਨੀ ਵਿੱਚ ਇੱਕ ਬਾਵੇਰੀਅਨ ਅਲਪਾਈਨ ਰਿਜ਼ੋਰਟ ਦੇ ਨੇੜੇ ਇੱਕ ਰੇਲਗੱਡੀ ਪਟੜੀ ਤੋਂ ਉਤਰ ਗਈ, ਜਿਸ ਵਿੱਚ ਚਾਰ ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ।