ਬਰਲਿਨ, 6 ਅਕਤੂਬਰ
ਜਰਮਨੀ ਨੇ 2024 ਵਿੱਚ ਹੋਣ ਵਾਲੀ ਯੂਰੋਪੀ ਫੁਟਬਾਲ ਚੈਂਪੀਅਨਸ਼ਿਪ (ਯੂਰੋ) ਦਾ ਲੋਗੋ ਬੀਤੀ ਰਾਤ ਇੱਥੇ ਇੱਕ ਪ੍ਰੋਗਰਾਮ ਦੌਰਾਨ ਜਾਰੀ ਕਰ ਦਿੱਤਾ ਹੈ। ਬਰਲਿਨ ਦੇ ਓਲੰਪੀਆ ਸਟੇਡੀਅਮ ਵਿੱਚ ਕਰਵਾਏ ਇਸ ਪ੍ਰੋਗਰਾਮ ਦੌਰਾਨ ਕੁੱਝ ਮਹਿਮਾਨ ਅਤੇ ਪੱਤਰਕਾਰ ਹੀ ਬੁਲਾਏ ਗਏ ਸਨ। ਸਮਾਰੋਹ ਵਿੱਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹ ਲੋਗੋ ਹੈਨਰੀ ਡੈਲਾਊਨੇ ਕੱਪ ਦੀ ਰੂਪ-ਰੇਖਾ ਹੈ, ਜਿਸ ਦੇ ਬਾਹਰ ਓਲੰਪੀਆ ਸਟੇਡੀਅਮ ਦੀ ਛੱਤ ਨੂੰ ਅੰਡਾਕਾਰ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਵਿੱਚ ਯੂਰੋਪੀ ਫੁਟਬਾਲ ਐਸੋਸੀਏਸ਼ਨ ਯੂਏਫਾ ਵਿੱਚ 55 ਮੈਂਬਰੀ ਦੇਸ਼ਾਂ ਦੇ ਝੰਡਿਆਂ ਦੇ ਰੰਗਾਂ ਨੂੰ ਦਿਖਾਇਆ ਗਿਆ ਹੈ। ਟਰਾਫੀ ਦੇ ਚਾਰੇ ਪਾਸੇ 24 ਕਾਤਰਾਂ ਬਣਾਈਆਂ ਹਨ, ਜੋ ਉਨ੍ਹਾਂ 24 ਟੀਮਾਂ ਦੀ ਨੁਮਾਇੰਦਗੀ ਕਰਦੀਆਂ ਹਨ, ਜੋ ਜਰਮਨੀ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ।