ਲੇਵਰਕੁਸੇਨ— ਟਿਮੋ ਵਰਨਰ ਦੀ ਸ਼ਾਨਦਾਰ ਖੇਡ ਦੇ ਦਮ ‘ਤੇ ਸਾਬਕਾ ਚੈਂਪੀਅਨ ਜਰਮਨੀ ਨੇ ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖਰੀ ਅਭਿਆਸ ਮੈਚ ‘ਚ ਸਾਊਦੀ ਅਰਬ ‘ਤੇ 2-1 ਨਾਲ ਜਿੱਤ ਦਰਜ ਕੀਤੀ। ਸਾਬਕਾ ਚੈਂਪੀਅਨ ਜਰਮਨੀ ਦੀ ਪੰਜ ਮੈਚਾਂ ਦੀ ਇਹ ਪਹਿਲੀ ਜਿੱਤ ਹੈ। ਵਰਨਰ ਨੇ ਮੈਚ ਦੇ ਅਠਵੇਂ ਮਿੰਟ ‘ਚ ਹੀ ਗੋਲ ਦਾਗਕੇ ਜਰਮਨੀ ਨੂੰ 1-0 ਨਾਲ ਅੱਗੇ ਕਰ ਦਿੱਤਾ। ਹਾਫ ਟਾਈਮ ਤੋਂ ਪਹਿਲਾਂ ਮੈਚ ਦੇ 43ਵੇਂ ਮਿੰਟ ‘ਚ ਉਮਰ ਹੋਵਸਾਵੀ ਦੇ ਆਤਮਘਾਤੀ ਗੋਲ ਨਾਲ ਜਰਮਨੀ ਦੀ ਬੜ੍ਹਤ ਦੁਗਣੀ ਹੋ ਗਈ।

ਵਰਨਰ ਮੈਚ ਦੇ ਦੌਰਾਨ 62 ਮਿੰਟ ਤੱਕ ਮੈਦਾਨ ‘ਤੇ ਰਹੇ ਅਤੇ ਪੂਰੀ ਲੈਅ ‘ਚ ਦਿਸੇ। ਸਾਊਦੀ ਅਰਬ ਦੀ ਟੀਮ ਨੇ ਮੈਚ ਦੇ ਅੰਤਿਮ ਪਲਾਂ ‘ਚ ਵਾਪਸੀ ਦੀ ਕੋਸ਼ਿਸ਼ ਕੀਤੀ ਜੋ ਜਿੱਤ ਲਈ ਕਾਫੀ ਨਹੀਂ ਸੀ। ਮੈਚ ਦੇ 85ਵੇਂ ਮਿੰਟ ‘ਚ ਮੁਹੰਮਦ ਅਲ-ਸਾਹਲਵੀ ਦੇ ਕਮਜ਼ੋਰ ਕਿੱਕ ਨੂੰ ਬਾਰਸੀਲੋਨਾ ਦੇ ਗੋਲਕੀਪਰ ਮਾਰਕ ਆਂਦਰੇ ਸਟੇਗੇਨ ਨੇ ਰੋਕ ਲਿਆ ਪਰ ਰਿਬਾਊਂਡ ‘ਤੇ ਤੈਸਿਰ ਅਲ ਜਾਸਸਿਮ ਨੇ ਉਸ ਨੂੰ ਗੋਲ ‘ਚ ਬਦਲ ਕੇ ਖਾਤਾ ਖੋਲ੍ਹਿਆ। ਮੈਚ ਦੇ ਵਾਧੂ ਸਮੇਂ ‘ਚ ਵੀ ਸਾਊਦੀ ਅਰਬ ਦੇ ਕੋਲ ਗੋਲ ਦਾ ਮੌਕਾ ਸੀ ਪਰ ਗੇਂਦ ਗੋਲਪੋਸਟ ਤੋਂ ਟਕਰਾ ਕੇ ਵਾਪਸ ਆ ਗਈ।