ਰੂਪਨਗਰ, 15 ਨਵੰਬਰ
ਸਥਾਨਕ ਹਾਕਸ ਸਟੇਡੀਅਮ ਵਿੱਚ ਚੱਲ ਰਹੇ 30ਵੇਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਦੂਜੇ ਦਿਨ ਈਐੱਮਈ ਜਲੰਧਰ, ਜਰਖੜ ਅਕੈਡਮੀ ਲੁਧਿਆਣਾ ਅਤੇ ਆਈਟੀਬੀਪੀ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕਰ ਲਿਆ।
ਅੱਜ ਦਾ ਪਹਿਲਾ ਮੈਚ ਐੱਸਜੀਪੀਸੀ ਅੰਮ੍ਰਿਤਸਰ ਅਤੇ ਜਰਖੜ ਅਕੈਡਮੀ ਵਿਚਾਲੇ ਖੇਡਿਆ ਗਿਆ। ਮੈਚ ਦੇ ਪਹਿਲੇ ਅੱਧ ਦੇ 11ਵੇਂ ਮਿੰਟ ਵਿੱਚ ਜਰਖੜ ਅਕੈਡਮੀ ਦੇ ਖਿਡਾਰੀ ਕਰਨਵੀਰ ਸਿੰਘ ਨੇ ਵਧੀਆ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਉਪਰੰਤ ਐੱਸਜੀਪੀਸੀ ਦੀ ਟੀਮ ਵੱਲੋਂ ਜਵਾਬੀ ਹਮਲਾ ਕੀਤਾ ਗਿਆ, ਜਿਸ ਵਿੱਚ ਗਗਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਮੈਂਚ ਦੇ 13ਵੇਂ ਮਿੰਟ ਵਿੱਚ 1-1 ਦੀ ਬਰਾਬਰੀ ’ਤੇ ਲਿਆਂਦਾ। ਜਰਖੜ ਅਕੈਡਮੀ ਵੱਲੋਂ ਖਿਡਾਰੀ ਰਵੀਦੀਪ ਸਿੰਘ ਨੇ ਪਹਿਲੇ ਅੱਧ ਦੇ 23ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਜਰਖੜ ਅਕੈਡਮੀ ਦੀ ਇਹ ਲੀਡ ਬਹੁਤੀ ਦੇਰ ਤੱਕ ਨਹੀਂ ਰਹੀ। ਮੈਚ ਦੇ ਅਗਲੇ ਮਿੰਟ ਵਿੱਚ ਹੀ ਐੱਸਜੀਪੀਸੀ ਦੇ ਖਿਡਾਰੀ ਨਿਸ਼ਾਨ ਸਿੰਘ ਨੇ ਮਿਲੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਦੀ ਬਰਾਬਰੀ ’ ਤੇ ਲੈ ਆਉਂਦਾ। ਮੈਚ ਦਾ ਪਹਿਲਾ ਅੱਧ ਖ਼ਤਮ ਹੋਣ ਤੱਕ ਦੋਵੇਂ ਟੀਮਾਂ 2-2 ਗੋਲਾਂ ਦੀ ਬਰਾਬਰੀ ’ਤੇ ਰਹੀਆਂ। ਜਰਖੜ ਐਕਡਮੀ ਦੇ ਖਿਡਾਰੀ ਜੋਗਿੰਦਰ ਸਿੰਘ ਨੇ ਦੂਜੇ ਅੱਧ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਸਕੋਰ 3-2 ਕਰ ਦਿੱਤਾ। ਜਰਖੜ ਐਕਡਮੀ ਵੱਲੋਂ ਮੈਚ ਦੇ 52ਵੇ ਮਿੰਟ ਵਿੱਚ ਖਿਡਾਰੀ ਕਰਨਵੀਰ ਸਿੰਘ ਨੇ ਬਹੁਤ ਹੀ ਖੂਬਸੂਰਤ ਮੈਦਾਨੀ ਗੋਲ ਕਰ ਕੇ ਸਕੋਰ 4-2 ਕਰ ਦਿੱਤਾ ਤੇ ਇਹ ਲੀਡ ਮੈਚ ਦੇ ਅੰਤ ਤੱਕ ਬਰਕਰਾਰ ਰਹੀ।
ਦੂਜਾ ਮੈਚ ਈਐੱਮਈ ਜਲੰਧਰ ਅਤੇ ਪੀਐੱਸਪੀਸੀਐੱਲ ਦਰਮਿਆਨ ਖੇਡਿਆ ਗਿਆ। ਮੈਚ ਦੇ ਪਹਿਲੇ ਅੱਧ ਦੇ 11ਵੇਂ ਮਿੰਟ ਵਿੱਚ ਗੁਰਜਿੰਦਰ ਸਿੰਘ ਅਤੇ 29ਵੇਂ ਮਿੰਟ ਵਿੱਚ ਅਵਤਾਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਈਐੱਮਈ ਲਈ ਗੋਲ ਕੀਤੇ। ਮੈਚ ਦਾ ਪਹਿਲਾ ਅੱਧ ਖ਼ਤਮ ਹੋਣ ਤੱਕ ਈਐੱਮਈ ਨੇ 2-0 ਦੀ ਲੀਡ ਕਾਇਮ ਰੱਖੀ। ਮੈਚ ਦੇ ਦੂਜੇ ਅੱਧ ਦੇ 43ਵੇਂ ਮਿੰਟ ਵਿੱਚ ਈਐਮਈ ਦੇ ਖਿਡਾਰੀ ਮੌਂਟੀ ਨੇ ਫੀਲਡ ਗੋਲ ਕਰ ਕੇ 3-0 ਦੀ ਲੀਡ ਦਿਵਾ ਦਿੱਤੀ। ਚਾਰ ਮਿੰਟ ਬਾਅਦ ਹੀ (47ਵੇਂ ਮਿੰਟ ਵਿੱਚ) ਸਿਮਰਨਦੀਪ ਨੇ ਫੀਲਡ ਗੋਲ ਕਰ ਕੇ ਸਕੋਰ 4-0 ਈਐੱਮਈ ਦੇ ਹੱਕ ਵਿੱਚ ਕਰ ਦਿੱਤਾ। ਇਹ ਮੈਚ ਈਐੱਮਈ ਨੇ 4-0 ਦੇ ਫ਼ਰਕ ਨਾਲ ਜਿੱਤ ਲਿਆ। ਤੀਜਾ ਮੈਚ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਅਤੇ ਆਈਟੀਬੀਪੀ ਵਿਚਾਲੇ ਖੇਡਿਆ ਗਿਆ ਜੋ ਆਈਟੀਬੀਪੀ ਨੇ ਜਿੱਤ ਲਿਆ। ਮੈਚ ਵਿੱਚ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਨੇ ਗੋਲ ਲਈ ਬੜੀ ਮੁਸ਼ੱਕਤ ਕੀਤੀ ਗਈ ਪ੍ਰੰਤੂ ਆਈਟੀਬੀਪੀ ਨੇ ਉਨ੍ਹਾਂ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਅਖ਼ੀਰ ਇਹ ਮੈਚ ਆਈਟੀਬੀਪੀ ਨੇ 2-0 ਦੇ ਫਰਕ ਨਾਲ ਜਿੱਤ ਲਿਆ।