ਦ ਹੇਗ, ਨੈਦਰਲੈਂਡਜ਼, 29 ਅਕਤੂਬਰ : ਸ਼ੁੱਕਰਵਾਰ ਨੂੰ ਦ ਹੇਗ (ਨੈਦਰਲੈਂਡਜ਼) ਵਿੱਚ ਡੱਚ ਪਾਰਲੀਆਮੈਂਟ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਗਲਤ ਜਾਣਕਾਰੀ ਸਬੰਧੀ ਮੁਹਿੰਮਾਂ ਤੇ ਅੱਤਵਾਦ ਗਲੋਬਲ ਅਰਥਚਾਰਿਆਂ ਤੇ ਜਮਹੂਰੀਅਤ ਲਈ ਗੰਭੀਰ ਖਤਰਾ ਹੈ।
ਇਸ ਸਮੇਂ ਟਰੂਡੋ ਸਰਕਾਰੀ ਦੌਰੇ ਉੱਤੇ ਨੈਦਰਲੈਂਡਜ਼ ਵਿੱਚ ਇਤਿਹਾਸਕ ਇਮਾਰਤ ਵਿੱਚ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਤੇ ਸੈਨੇਟ ਮੈਂਬਰਾਂ ਸਾਹਮਣੇ ਭਾਸ਼ਣ ਦੇ ਕੇ ਟਰੂਡੋ ਨੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਕੈਨੇਡਾ ਤੇ ਨੈਦਰਲੈਂਡਜ਼ ਦੀ ਦੋਸਤੀ ਦੀ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਇਹ ਸਿਰਫ ਕੌਂਸੀਪੀਰੇਸੀ ਥਿਓਰਿਸਟਸ ਤੇ ਹਾਸ਼ੀਏ ਉੱਤੇ ਪਹੁੰਚੇ ਲੋਕ ਜਾਂ ਖਫਾ ਲੋਕ ਹੀ ਨਹੀਂ ਹਨ ਜਿਹੜੇ ਕੂੜ ਪ੍ਰਚਾਰ ਕਰਦੇ ਹਨ। ਸਗੋਂ ਦੇਸ਼ ਦੀਆਂ ਨੀਤੀਆਂ ਤੋਂ ਪਰੇਸ਼ਾਨ ਤੇ ਆਪਣੇ ਹਿਤਾਂ ਨੂੰ ਪਹਿਲ ਦੇਣ ਵਾਲੇ ਲੋਕ (ਦੇਸ਼) ਵੀ ਅਜਿਹੇ ਹਨ ਜਿਹੜੇ ਕੂੜ ਪ੍ਰਚਾਰ, ਪ੍ਰਾਪੇਗੰਡਾ ਤੇ ਸਾਈਬਰਵਾਰਫੇਅਰ ਰਾਹੀਂ ਦੇਸ਼ਾਂ ਦੇ ਅਰਥਚਾਰਿਆਂ ਨੂੰ, ਸਾਡੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਤੇ ਸਾਨੂੰ ਇੱਕਜੁੱਟ ਰੱਖਣ ਵਾਲੇ ਸਿਧਾਂਤਾਂ ਤੇ ਲੋਕਾਂ ਦੇ ਵਿਸ਼ਵਾਸ ਨੂੰ ਵੀ ਊਣਾ ਕਰਕੇ ਵੇਖਦੇ ਹਨ।
ਇਸ ਸਬੰਧ ਵਿੱਚ ਟਰੂਡੋ ਨੇ ਕਿਸੇ ਦਾ ਨਾਂ ਨਹੀ ਲਿਆ। ਚੀਨ ਦੇ ਵੱਧ ਰਹੇ ਪ੍ਰਭਾਵ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਸੱਚਮੁੱਚ ਚੀਨ ਦੁਨੀਆ ਭਰ ਦੇ ਜਮਹੂਰੀ ਦੇਸ਼ਾਂ ਤੇ ਸਾਡੇ ਟਰੇਡਿੰਗ ਸਿਸਟਮਜ਼ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਇਹ ਦਿਖਾਵਾ ਨਹੀਂ ਕਰ ਰਹੇ ਕਿ ਚੀਨ ਹੈ ਹੀ ਨਹੀਂ ਤੇ ਇਸ ਨੂੰ ਅੱਖੋਂ ਪਰੋਖੇ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ।ਇਹ ਸਾਡੇ ਅਰਥਚਾਰਿਆਂ ਵਿੱਚ ਅਹਿਮ ਖਿਡਾਰੀ ਬਣਿਆ ਬੈਠਾ ਹੈ।
ਟਰੂਡੋ ਨੇ ਆਖਿਆ ਕਿ ਕੈਨੇਡਾ ਤੇ ਨੈਦਰਲੈਂਡਜ਼ ਨੂੰ ਚੀਨ ਨੂੰ ਟਰੇਡ ਤੇ ਕਲਾਈਮੇਟ ਚੇਂਜ ਵਰਗੇ ਮੁੱਦਿਆਂ ਉੱਤੇ ਉਸਾਰੂ ਢੰਗ ਨਾਲ ਕੰਮ ਕਰਨ ਲਈ ਤਿਆਰ ਕਰਨ ਤੇ ਹਿਊਮਨ ਰਾਈਟਸ ਦੇ ਨਾਲ ਨਾਲ ਹਾਂਗ ਕਾਂਗ, ਵੀਘਰਜ਼, ਤਾਇਵਾਨ ਤੇ ਸਾਊਥ ਚਾਈਨਾ ਸੀਅ ਵਰਗੇ ਹਾਲਾਤ ਬਾਰੇ ਘੇਰਨਾ ਚਾਹੀਦਾ ਹੈ।
ਅੱਜ ਟਰੂਡੋ ਡੱਚ ਪ੍ਰਧਾਨ ਮੰਤਰੀ ਮਾਰਕ ਰੱਟ ਨਾਲ ਦੁਵੱਲੀ ਮੀਟਿੰਗ ਕਰਨਗੇ ਤੇ ਨੈਦਰਲੈਂਡਜ਼ ਦੀ ਪ੍ਰਿੰਸੈੱਸ ਮਾਰਗ੍ਰੀਏਟ ਨਾਲ ਕੈਨੇਡੀਅਨ ਵਾਰ ਸਿਮਿਟਰੀ ਦਾ ਦੌਰਾ ਵੀ ਕਰਨਗੇ।