ਭੋਪਾਲ, 14 ਦਸੰਬਰ
ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ 11 ਹੋਰ ਫੌਜੀ ਅਧਿਕਾਰੀਆਂ ਦੀ 8 ਦਸੰਬਰ ਨੂੰ ਤਾਮਿਲਨਾਡੂ ਦੇ ਕੂਨੂਰ ਕਸਬੇ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਜਾਣ ਦੇ ਇੱਕ ਹਫ਼ਤੇ ਬਾਅਦ, ਮਧੁਲਿਕਾ ਰਾਵਤ ਦੇ ਭਰਾ ਯਸ਼ਵਰਧਨ ਸਿੰਘ ਨੇ ਕੇਂਦਰ ਸਰਕਾਰ ‘ਤੇ ਕੁਝ ਗੰਭੀਰ ਦੋਸ਼ ਲਗਾਏ ਹਨ।
ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲ੍ਹੇ ਦੇ ਸੁਹਾਗਪੁਰ ਕਸਬੇ ਦੇ ਮੂਲ ਨਿਵਾਸੀ ਸ੍ਰੀ ਸਿੰਘ ਨੇ ਮੰਗਲਵਾਰ ਨੂੰ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਕਿ ਉਨ੍ਹਾਂ ਦੇ ਘਰ (ਸੁਹਾਗਪੁਰ) ‘ਚ ਉਨ੍ਹਾਂ ਦੀ ਜ਼ਮੀਨ ‘ਤੇ ਉਨ੍ਹਾਂ ਨੂੰ ਦੱਸੇ ਬਿਨਾਂ ਸੜਕ ਬਣਾਈ ਗਈ ਹੈ। ਸਿੰਘ ਨੇ ਦੋਸ਼ ਲਾਇਆ ਕਿ ਸੜਕ ਦੀ ਉਸਾਰੀ ਲਈ ਪ੍ਰਸ਼ਾਸਨ ਨੇ ਉਨ੍ਹਾਂ ਦੇ ਪੁਰਖਿਆਂ ਦੀ ਸਮਾਧੀ ਨੂੰ ਢਾਹ ਦਿੱਤਾ ਅਤੇ ਕਈ ਦਰੱਖਤ ਵੀ ਕੱਟ ਦਿੱਤੇ ਹਨ। ਉਨ੍ਹਾਂ ਫੇਸਬੁੱਕ ’ਤੇ ਲਿਖਿਆ, ‘‘ ਜਦੋਂ ਮੇਰੇ ਜੀਜਾ ਜੀ (ਜਨਰਲ ਰਾਵਤ) ਅਤੇ ਦੀਦੀ (ਭੈਣ) ਦਾ ਅੰਤਿਮ ਸੰਸਕਾਰ ਦਿੱਲੀ ਵਿਚ ਚੱਲ ਰਿਹਾ ਸੀ, ਉਸੇ ਸਮੇਂ ਕੇਂਦਰ ਦੇ ਨਿਰਦੇਸ਼ਾਂ ‘ਤੇ, ਮੇਰੇ ਨਾਲ ਬਿਨਾਂ ਕੋਈ ਸਲਾਹ ਮਸ਼ਵਰਾ ਕੀਤੇ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕੀਤਾ ਗਿਆ। ਇਸ ਤੋਂ ਇਲਾਵਾ, ਰਜਿਸਟਰਾਰ ਨੂੰ ਹੁਕਮ ਦਿੱਤਾ ਗਿਆ ਕਿ ਜੇ ਮੈਂ ਇਸ ਸੜਕ ਦੇ ਨਿਰਮਾਣ ‘ਤੇ ਇਤਰਾਜ਼ ਕਰਦਾ ਹਾਂ ਤਾਂ ਉਹ ਮੇਰੇ ਵਿਰੁੱਧ ਕੇਸ ਦਰਜ ਕਰਨ। ’’ਹਾਲਾਂਕਿ, ਸ੍ਰੀ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਇਹ ਨਹੀਂ ਦੱਸਿਆ ਕਿ ਕਿਸ ਵਿਭਾਗ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਉਧਰ, ਜ਼ਿਲ੍ਹਾ ਕੁਲੈਕਟਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਰਧਨ ਸਿੰਘ ਦੀ ਜ਼ਮੀਨ ’ਤੇ ਸੜਕ ਦੀ ਉਸਾਰੀ ਕੀਤੀ ਗਈ ਹੈ ਪਰ ਉਨ੍ਹਾਂ ਕਿਹਾ ਕਿ ਸ੍ਰੀ ਵਰਧਨ ਨੇ ਆਪਣੀ ਜ਼ਮੀਨ ਦਾ ਇੱਕ ਹਿੱਸਾ 2016 ਵਿੱਚ ਸੜਕ (ਨੈਸ਼ਨਲ ਹਾਈਵੇ) ਦੇ ਨਿਰਮਾਣ ਲਈ ਦਿੱਤਾ ਸੀ। ਉਸ ਨੂੰ ਇਸ ਦਾ 2,77,000 ਰੁਪਏ ਮੁਆਵਜ਼ਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਸੜਕ ਨੂੰ ਚੌੜਾ ਕਰਨ ਸਮੇਂ ਜ਼ਮੀਨ ਦਾ ਇੱਕ ਹੋਰ ਹਿੱਸਾ ਲੋੜੀਂਦਾ ਸੀ। ਇਸ ਲਈ 0.56 ਹੈਕਟੇਅਰ ਜ਼ਮੀਨ ਐਕੁਆਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਵੈਦਿਆ ਨੇ ਅੱਗੇ ਕਿਹਾ, “ਇਹ ਸਭ ਉਨ੍ਹਾਂ ਦੀ ਸ਼ਾਹਡੋਲ ਵਿੱਚ ਤਾਇਨਾਤੀ ਤੋਂ ਪਹਿਲਾਂ ਵਾਪਰਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੜਕ ਦੇ ਨਿਰਮਾਣ ਲਈ ਕੁਝ ਦਰੱਖਤ ਵੀ ਕੱਟੇ ਜਾਣੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਯਸ਼ਵਰਧਨ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਵੀ ਉਹ ਨਵੀਂ ਦਿੱਲੀ ਤੋਂ ਸ਼ਾਹਡੋਲ ਆਉਂਦੇ ਹਨ ਤਾਂ ਉਹ ਦਫਤਰ ਆਉਣ। ‘ਸਮਾਧੀ ਸਥਲ’ ਨੂੰ ਢਾਹੇ ਜਾਣ ਬਾਰੇ ਪੁੱਛੇ ਜਾਣ ’ਤੇ ਵੈਦਿਆ ਨੇ ਕਿਹਾ, “ਉਹ ਹਿੱਸਾ ਵੀ ਸੜਕ ਦੇ ਨਿਰਮਾਣ ਲਈ ਸਰਕਾਰ ਨੂੰ ਦਿੱਤੀ ਗਈ ਜ਼ਮੀਨ ਦਾ ਹਿੱਸਾ ਸੀ, ਪਰ ਗਲਤ ਇਹ ਹੋਇਆ ਕਿ ‘ਸਮਾਧੀ ਸਥਲ’ ਦਾ ਹਿੱਸਾ ਬਹੁਤ ਹੀ ਮਾੜੀ ਹਾਲਤ ਵਿੱਚ ਸੀ। ਇਸ ਲਈ ਮਜ਼ਦੂਰਾਂ ਨੇ ਸੜਕ ਦੀ ਪੁਟਾਈ ਦੌਰਾਨ ਇਸ ਵੱਲ ਧਿਆਨ ਨਹੀਂ ਦਿੱਤਾ।”