ਪਾਤੜਾਂ, 27 ਮਈ
ਅੱਜ ਤੜਕਸਾਰ ਤਿੰਨ ਵਜੇ ਦੇ ਕਰੀਬ ਕਾਰ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਦੁਗਾਲ ਨੇੜੇ ਝੰਬੋ ਚੋਅ (ਭੁਪਿੰਦਰਾ ਸਾਗਰ ਡਰੇਨ) ਵਿੱਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆ ਪਟਿਆਲਾ ਰੈਫਰ ਕਰ ਦਿੱਤਾ ਹੈ। ਲਾਸ਼ਾਂ ਪੋਸਟਮਾਰਟਮ ਲਈ ਸਮਾਣਾ ਭੇਜ ਦਿੱਤੀਆਂ ਹਨ।
ਪਿੰਡ ਲਾਡਵੰਜਾਰਾ ਦੇ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਯਾਦਪ੍ਰੀਤ ਸਿੰਘ ਦਾ ਜਨਮ ਦਿਨ ਸੀ। ਉਹ ਆਪਣੇ ਦੋਸਤਾ ਨਾਲ ਆਪਣਾ ਜਨਮ ਦਿਨ ਮਨਾ ਰਿਹਾ ਸੀ। ਸਮਾਗਮ ਮਗਰੋਂ ਬੁੱਧਵਾਰ ਤੜਕਸਾਰ ਤਿੰਨ ਵਜੇ ਦੇ ਕਰੀਬ ਦੋਸਤਾਂ ਨੂੰ ਲੈ ਕੇ ਪਾਤੜਾਂ ਵੱਲ ਆ ਰਿਹਾ ਸੀ। ਪਿੰਡ ਦੁਗਾਲ ਦੇ ਨੇੜੇ ਹਾਦਸਾ ਹੋ ਗਿਆ। ਹਾਦਸੇ ਵਿੱਚ ਯਾਦਪ੍ਰੀਤ ਸਿੰਘ ਵਾਸੀ ਲਾਡਵੰਜਾਰਾ ਅਤੇ ਕੁਲਵਿੰਦਰ ਸਿੰਘ ਵਾਸੀ ਚੱਠਾ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਹਰਮਦੀਪ, ਡਾਕਟਰ ਗੁਰਪ੍ਰੀਤ ਸਿੰਘ, ਅਤੇ ਹਰਸਦੀਪ ਸਿੰਘ ਜ਼ਖ਼ਮੀ ਹੋ ਗਏ। ਯਾਦਪ੍ਰੀਤ ਸਿੰਘ ਕੈਨੇਡਾ ਰਹਿੰਦਾ ਸੀ ਤੇ ਕੁਝ ਸਮੇਂ ਤੋਂ ਭਾਰਤ ਆਇਆ ਹੋਇਆ ਸੀ। ਕੁਲਵਿੰਦਰ ਸਿੰਘ ਚੰਡੀਗੜ ਵਿਖੇ ਬੀਟੈੱਕ ਕਰਦਾ ਸੀ । ਤਿੰਨੇ ਜ਼ਖ਼ਮੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਰਹਿਣ ਵਾਲੇ ਹਨ।