ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਨਨਕਾਣਾ ਸਾਹਿਬ ਲਿਜਾਣ ਦਾ ਚਾਹਵਾਨ ਹਾਂ`
‘ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ `ਚ ਸ਼ਾਮਲ ਹੋਵਾਂਗਾ`
ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਫ਼ੈਸਲਿਆਂ ਦਾ ਸਤਿਕਾਰ ਕਰਦੇ ਹਨ ਕਿਉਂਕਿ ਉਹੀ ਅੰਤਿਮ ਅਥਾਰਟੀ ਹਨ। ਪਰ ਨਾਲ ਹੀ ਉਨ੍ਹਾਂ ਇਹ ਵੀੀ ਕਿਹਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਆਪਣੇ ਮੂੰਹ ਨੂੰ ਕਿਸੇ ਨਾਲ ਢੱਕਣ ਨਾਲ ਬੰਦ ਕਰ ਰੱਖਿਆ ਹੈ। ਸ੍ਰੀ ਸਿੱਧੂ ਅੱਜ ਚੰਡੀਗੜ੍ਹ ਦੇ ਪ੍ਰੈੱਸ ਕਲੱਬ `ਚ ‘ਪ੍ਰੈੱਸ ਨੂੰ ਮਿਲੋ` ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਕ੍ਰਿਕਟਰ ਤੋਂ ਸਿਆਸੀ ਆਗੂ ਬਣੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਉਸ ਜਨਤਾ ਨੂੰ ਜਵਾਬਦੇਹ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਗੂੰਗਾ-ਬਹਿਰਾ ਬਣਨ ਲਈ ਵੋਟਾਂ ਨਹੀਂ ਪਾਈਆਂ ਸਨ। ਉਨ੍ਹਾਂ ਕਿਹਾ ਕਿ ਉਹ ਜਿੱਥੇ ਜਨਤਾ ਪ੍ਰਤੀ ਜਵਾਬਦੇਹ ਹਨ, ਉੱਥੇ ਉਹ ਮੁੱਖ ਮੰਤਰੀ ਦਾ ਵੀ ਸਤਿਕਾਰ ਕਰਦੇ ਹਨ। ‘ਉਨ੍ਹਾਂ ਦੇ ਆਪਣੇ ਵਿਚਾਰ ਹਨ ਤੇ ਮੇਰੇ ਆਪਣੇ।`
ਦਰਅਸਲ, ਨਵਜੋਤ ਸਿੱਧੂ ਤੋਂ ਇਹ ਸੁਆਲ ਪੁੱਛਿਆ ਗਿਆ ਸੀ ਕਿ ਉਨ੍ਹਾਂ ਜਦੋਂ ਪਿਛਲੀ ਬਾਦਲ ਸਰਕਾਰ `ਤੇ ਦੋਸ਼ ਲਾਏ ਸਨ, ਤਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੋਸ਼ਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਸੀ। ਸ੍ਰੀ ਸਿੱਧੂ ਨੇ ਕਿਹਾ,‘ਜੇ ਕੋਈ ਸਿਆਸੀ ਆਗੂ ਜਾਂ ਅਧਿਕਾਰੀ ਸੂਬੇ ਨੂੰ ਲੁੱਟਣ ਨਾਲ ਸਬੰਧਤ ਕਿਸੇ ਮਾਮਲੇ `ਚ ਸ਼ਾਮਲ ਪਾਇਆ ਜਾਦਾ ਹੈ, ਤਾਂ ਉਸ ਨੂੰ ਉਂਝ ਹੀ ਨਹੀਂ ਛੱਡ ਦੇਣਾ ਚਾਹੀਦਾ। ਉਸ ਦੀਆਂ ਜਾਇਦਾਦਾਂ ਵੀ ਕੁਰਕ ਹੋਣੀਆਂ ਚਾਹੀਦੀਆਂ ਹਨ। ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਇਨਸਾਫ਼ ਹੁੰਦਾ ਹੈ, ਨਾ ਕਿ ਉਹ ਸਿਆਸੀ ਬਦਲਾਖੋਰੀ ਹੁੰਦੀ ਹੈ।`
ਪੰਜਾਬ `ਚ ਗ਼ੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਨੀਤੀ ਬਾਰੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ – ‘ਅਸੀਂ ਮੁੱਖ ਮੰਤਰੀ ਵੱਲੋਂ ਲਾਏ ਸਾਰੇ ਫ਼ੈਸਲਿਆਂ ਦਾ ਸਤਿਕਾਰ ਕਰਦੇ ਹਾਂ ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਮੈਂ ਆਪਣੇ ਮੂੰਹ `ਤੇ ਢੱਕਣ ਲਾਇਆ ਹੋਇਆ ਹੈ।` ਚੇਤੇ ਰਹੇ ਕਿ ਸੋਮਵਾਰ ਨੂੰ ਜਦੋਂ ਕੈਬਿਨੇਟ ਦੀ ਮੀਟਿੰਗ ਹੋ ਰਹੀ ਸੀ, ਤਦ ਸਿੱਧੂ ਹੁਰਾਂ ਨੇ ਉਨ੍ਹਾਂ ਅਧਿਕਾਰੀਆਂ ਦੀ ਜਿ਼ੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਸੀ, ਜਿਨ੍ਹਾਂ ਨੇ ਕਾਲੋਨਾਈਜ਼ਰਾਂ ਨੂੰ ਗ਼ੈਰ-ਕਾਨੂੰਨੀ ਇਮਾਰਤਾਂ ਉਸਾਰਨ ਵਿੱਚ ਮਦਦ ਕੀਤੀ ਸੀ।
ਰੇਤੇ ਦੀ ਗ਼ੈਰ-ਕਾਨੂੰਨੀ ਮਾਈਨਿੰਗ (ਪੁਟਾਈ) ਬਾਰੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਤੇਲੰਗਾਨਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਰੇਤੇ ਦੀ ਵਿਕਰੀ ਤੋਂ ਹਰ ਸਾਲ 1,400 ਕਰੋੜ ਰੁਪਏ ਕਮਾ ਰਿਹਾ ਹੈ, ਜਦ ਕਿ ਪੰਜਾਬ ਦੀ ਆਮਦਨ ਸਿਰਫ਼ 40 ਕਰੋੜ ਰੁਪਏ ਹੈ।
ਨਸਿ਼ਆਂ ਦੇ ਵਪਾਰ ਦਾ ਜਿ਼ਕਰ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਨਸ਼ੀਲੇ ਕਾਰੋਬਾਰ `ਚ ਹਰੇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਆਮ ਆਦਮੀ ਪਾਰਟੀ `ਚ ਚੱਲ ਰਹੇ ਸੰਕਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਹਕਿ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਬੀ-ਟੀਮ ਵਜੋ਼ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ,‘ਜਦੋਂ ਪਾਰਟੀ `ਚ ਫੁੱਟ ਪਵੇਗੀ, ਤਦ ਵਿਰੋਧੀ ਧਿਰ ਦਾ ਆਗੂ ਕੌਣ ਹੋਵੇਗਾ? … ਉਹ ਜ਼ਰੂਰ ਸੁਖਬੀਰ ਸਿੰਘ ਬਾਦਲ ਹੋਵੇਗਾ।`
ਸ੍ਰੀ ਸਿੱਧੂ ਨੇ ਭਰੋਸਾ ਪ੍ਰਗਟਾਇਆ ਕਿ ਰਾਹੁਲ ਗਾਂਧੀ ਹੀ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਾਅਦਿਆਂ `ਤੇ ਖਰੇ ਉੱਤਰਨ ਤੋਂ ਨਾਕਾਮ ਰਹੇ ਹਨ।
ਨਵਜੋਤ ਸਿੰਘ ਸਿੱਧੂ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਜਾਣਗੇ, ਜਿਨ੍ਹਾਂ ਨੇ ਆਉਂਦੀ 11 ਅਗਸਤ ਨੁੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੋਂ ਸਹੁੰ ਚੁੱਕਣੀ ਹੈ। ਉਨ੍ਹਾਂ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਂਦਰ ਦੇ ਅਧਿਕਾਰ-ਖੇਤਰ ਅਧੀਨ ਹੈ ਪਰ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 2019 `ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਜਸ਼ਨ ਅਰੰਭਣ ਲਈ ਪਾਕਿਸਤਾਨ `ਚ ਸ੍ਰੀ ਨਨਕਾਣਾ ਸਾਹਿਬ ਲੈ ਕੇ ਜਾਣਾ ਚਾਹੁਣਗੇ।