ਅਮ੍ਰਿਤਸਰ 2 ਨਵੰਬਰ : ਕਾਂਗਰਸ ਸਰਕਾਰ ਵਲੋਂ ਗੁਰੂ ਇਤਿਹਾਸ ਨਾਲ ਛੇੜ ਛਾੜ ਖਿਲਾਫ ਅਕਾਲੀ ਦਲ ਵਲੋਂ ਦਿਤੇ ਜਾ ਰਹੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦ ਤਕ ਪੰਥ ਨੂੰ ਇਨਸਾਫ ਨਹੀਂ ਮਿਲ ਜਾਂਦਾ ਇਹ ਸੰਘਰਸ਼ ਜਾਰੀ ਰਹੇਗਾ ਅਤੇ ਅਖੀਰ ਜਿਤ ਖਾਲਸਾ ਪੰਥ ਦੀ ਹੋਵੇਗੀ।
ਉਨਾਂ ਮੰਗ ਕੀਤੀ ਕਿ ਪੰਜਾਬ ਦੀਆਂ ਸਕੂਲੀ ਪੁਸਤਕਾਂ ‘ਚ ਜਾਣਬੁਝ ਕੇ ਸਿਖ ਇਤਿਹਾਸ ਨੂੰ ਵਿਘਾੜਣ ਲਈ ਕਾਂਗਰਸ ਵਲੋਂ ਰਚੀ ਗਈ ਸਾਜਿਸ਼ ਲਈ ਕਾਂਗਰਸ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਥ ਤੋਂ ਤੁਰੰਤ ਮੁਆਫੀ ਮੰਗੇ ਅਤੇ ਗੁਰੂ ਸਾਹਿਬਾਨ ਦੇ ਅਪਮਾਨ ਪ੍ਰਤੀ ਘਿਨਾਉਣਾ ਅਪਰਾਧ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨੂੰ ਅੰਜਾਮ ਦੇਵੇ। ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਗਈ ਜਾਣਕਾਰੀ ‘ਚ ਸੁਖਬੀਰ ਬਾਦਲ ਨੇ ’84 ਦੇ ਸਿਖ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੀ ਵੀ ਮੰਗ ਕੀਤੀ। ਉਹਨਾਂ ਪਹਿਲੇ ਦਿਨ ਅਤੇ ਪੂਰੀ ਰਾਤ ਮੌਸਮੀ ਦਿੱਕਤਾਂ ਦੀ ਪਰਵਾਹ ਨਾ ਕਰਦਿਆਂ ਲੋਕਾਂ ਵਲੋਂ ਧਰਨੇ ‘ਚ ਵਧ ਚੜ ਕੇ ਸ਼ਾਮਿਲ ਹੋਣ ਅਤੇ ਸਿਖ ਸੰਗਤ ਵਲੋਂ ਮਿਲ ਰਹੇ ਭਰਵੇ ਹੁੰਗਾਰੇ ਲਈ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੰਗਤ ਵਲੋਂ ਮਿਲੇ ਪਿਆਰ ਸਤਿਕਾਰ ਲਈ ਸਦਾ ਰਿਣੀ ਰਹੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੀ ਪੰਥਕ ਜਿਮੇਵਾਰੀ ਨਿਭਾਉਣ ਅਤੇ ਪੰਥ ਲਈ ਹਰ ਲੋੜੀਦੇ ਸੰਘਰਸ਼ ਲਈ ਹਮੇਸ਼ਾਂ ਦੀ ਤਰਾਂ ਤਿਆਰ ਭਰ ਤਿਆਰ ਹੈ। ਉਹਨਾਂ ਸਿਖ ਸੰਗਤ ਨੂੰ ਅਕਾਲੀ ਦਲ ਦੇ ਸੰਘਰਸ਼ ‘ਚ ਵਧ ਚੜ ਕੇ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਧਰਨੇ ਦੇ ਪਹਿਲੇ ਦਿਨ ਦੀ ਸੰਪੂਰਨਤਾ ‘ਤੇ ਅਰਦਾਸ ਕੀਤੀ ਗਈ।
ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਅਜ ਸਵੇਰੇ 10: 30 ਵਜੇ ਤਕ ਧਰਨੇ ‘ਤੇ ਬੈਠੇ ਉਪਰੰਤ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਰੋਸ ਧਰਨੇ ਦੀ ਅਗਵਾਈ ਸੰਭਾਲੀ। ਭਾਈ ਲੌਗੋਵਾਲ ਵਲੋਂ ਧਰਨੇ ‘ਚ ਆਮਦ ‘ਤੇ ਅਕਾਲੀ ਵਰਕਰਾਂ ਵਲੋਂ ਜੈਕਾਰਿਆਂ ਦੀ ਗੂੰਜ ‘ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਇਸ ਮੌਕੇ ਭਾਈ ਲੌਗੋਵਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।
ਸ੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਗੋਵਾਲ ਨੇ ਕਿਹਾ ਕਿ ਉਹਨਾਂ ਸੰਗਤ ਸਮੇਤ ਸਿਖ ਪੰਥ ਦੀਆਂ ਧਾਰਮਿਕ ਜਥੇਬੰਦੀਆਂ ਸੰਤ ਸਮਾਜ ਦੇ ਨੁਮਾਇਦਿਆਂ, ਨਿਹੰਗ ਸਿੰਘ ਜਥੇਬੰਦੀਆ, ਸ੍ਰੋਮਣੀ ਕਮੇਟੀ ਮੈਬਰਾਂ ਅਤੇ ਅਧਿਕਾਰੀਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਨਸਾਫ ਅਤੇ ਪੰਥ ਦੀ ਚੜਦੀ ਕਲਾ ਲਈ ਅਰਦਾਸ ਕਰ ਕੇ ਤੁਰੇ ਹਨ। ਉਨਾ ਜੋਰ ਦੇ ਕੇ ਕਿਹਾ ਕਿ ਜਦੋ ਤਕ ਕਾਂਗਰਸ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਦੀ ਅਸੀਂ ਲੜਾਈ ਜਾਰੀ ਰਖਾਂਗੇ। ਜਿਨਾਂ ਨੇ ਸਾਜਿਸ਼ ਤਹਿਤ ਸਿਖ ਇਤਿਹਾਸ ਨੂੰ ਗਲਤ ਰੰਗਤ ਦੇਕੇ ਬਚਿਆਂ ਨੂੰ ਪੜਾਉਣ ਲਈ ਕਿਤਾਬਾਂ ਭੇਜੀਆਂ ਉਹਨਾਂ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਤੇ ਸਖਤ ਸਜਾਵਾਂ ਦੇਣ ਅਤੇ ਸਿਖਿਆ ਮੰਤਰੀ ਦੀ ਤੁਰੰਤ ਛੁਟੀ ਕਰਨ ਤੋਂ ਇਲਾਵਾ ਮੁਖ ਮੰਤਰੀ ਅਮਰਿੰਦਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਹੋ ਕੇ ਸਿਖ ਕੌਮ ਤੋਂ ਮੁਆਫੀ ਮੰਗੇ। ਭਾਈ ਲੌਗੋਵਾਲ ਨੇ ਅਗੇ ਕਿਹਾ ਕਿ ਕਾਂਗਰਸ ਨੇ ਸਿਖ ਕੌਮ ‘ਤੇ ਵਡੇ ਹਮਲੇ ਕੀਤੇ ਹਨ। ਜੂਨ ’84 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਨਵੰਬਰ ’84 ‘ਚ ਸਿਖਾਂ ਦੀ ਨਸਲਕੁਸ਼ੀ ਕੀਤੀ, ਉਸੇ ਸੋਚ ਅਤੇ ਡੂੰਘੀ ਸਾਜਿਸ਼ੀ ਅਧੀਨ ਕਾਂਗਰਸ ਹੁਣ ਸਿਖ ਇਤਿਹਾਸ ਨੂੰ ਵਿਘਾੜ ਕੇ ਪੇਸ਼ ਕਰ ਰਹੀ ਹੈ। ਸਿਖ ਇਤਿਹਾਸ ਨੂੰ ਸਹੀ ਸੰਦਰਭ ਵਿਚ ਬਚਿਆਂ ਤਕ ਪਹੁੰਚਾਉਣਾ ਸਰਕਾਰ ਦੀ ਜਿਮੇਵਾਰੀ ਹੈ। ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਦੀ ਸਹੀ ਪੇਸ਼ਕਾਰੀ ਲਈ ਸਰਕਾਰ ਨੂੰ ਕੋਈ ਮੁਸ਼ਕਲ ਆਈ ਹੈ ਤਾਂ ਉਹ ਸ੍ਰੋਮਣੀ ਕਮੇਟੀ, ਜਿਸ ਕੋਲ ਸਿਖ ਰਿਸਰਚ ਬੋਰਡ ਹੈ, ਤਕ ਪਹੁੰਚ ਕਰੇ। ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਪੰਥ ਪ੍ਰਤੀ ਆਪਣੀ ਜਿਮੇਵਾਰੀ ਨਿਭਾਉਦੀ ਰਹੇਗੀ।
ਇਸ ਮੌਕੇ ਬੋਲਦਿਆਂ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਡੀ ਗਿਣਤੀ ਲੋਕਾਂ ਵਲੋਂ ਰੋਸ ਧਰਨੇ ਵਿਚ ਸ਼ਾਮਿਲ ਹੋਣਾ ਇਸ ਗਲ ਦਾ ਸਬੂਤ ਹੈ ਕਿ ਲੋਕਾਂ ਦੇ ਦਿਲਾਂ ‘ਚ ਅੰਦਰ ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਨਾਲ ਛੇੜ ਛਾੜ ਕਰਨ ਪ੍ਰਤੀ ਕਾਂਗਰਸ ਸਰਕਾਰ ‘ਤੇ ਭਾਰੀ ਗੁਸਾ ਅਤੇ ਰੋਸ ਹੈ ਅਤੇ ਉਹ ਅਕਾਲੀ ਦਲ ਵਲੋਂ ਉਠਾਏ ਗਏ ਕਦਮ ਦਾ ਸਮਰਥਨ ਕਰਦੇ ਹਨ। ਉਹਨਾਂ ਕਿਹਾ ਕਿ ਨਿਸ਼ਚੇ ਹੀ ਕਾਂਗਰਸ ਨੂੰ ਉਕਤ ਬਜਰ ਗੁਨਾਹ ਲਈ ਸਿਖ ਪੰਥ ਤੋਂ ਮੁਆਫੀ ਮੰਗਣੀ ਪਵੇਗੀ।