ਨਵੀਂ ਦਿੱਲੀ:ਅਦਾਕਾਰ ਸਲਮਾਨ ਖ਼ਾਨ ਨੇ ਅੱਜ ਇੱਥੇ ਆਪਣਾ 56ਵਾਂ ਜਨਮ ਦਿਨ ਮਨਾਇਆ ਅਤੇ ਆਖਿਆ ਕਿ ਜਦੋਂ ਦੇਸ਼ ਵਾਸੀ ਉਸ ਨੂੰ ‘ਭਾਈ’ ਜਾਂ ‘ਭਾਈਜਾਨ’ ਕਹਿ ਕੇ ਬੁਲਾਉਂਦਾ ਹੈ ਤਾਂ ਉਹ ਇਸ ਨੂੰ ਚੰਗਾ ਲੱਗਦਾ ਹੈ। ਸਲਮਾਨ ਖ਼ਾਨ ਨੇ ਸਾਲ 1989 ਵਿੱਚ ‘ਬੀਵੀ ਹੋ ਤੋ ਐਸੀ’ ਨਾਲ ਸਿਨੇ ਜਗਤ ਵਿੱਚ ਪੈਰ ਧਰਿਆ ਸੀ। ਉਸ ਨੇ ਕਈ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ’ਚ ‘ਮੈਨੇ ਪਿਆਰ ਕੀਆ’, ‘ਹਮ ਆਪ ਕੇ ਹੈਂ ਕੌਣ?’ ‘ਹਮ ਦਿਲ ਦੇ ਚੁਕੇ ਸਨਮ’, ‘ਤੇਰੇ ਨਾਮ’, ‘ਮੁਝ ਸੇ ਸ਼ਾਦੀ ਕਰੋਗੀ’, ‘ਵਾਂਟਿਡ’, ‘ਦਬੰਗ’, ‘ਬਜਰੰਗੀ ਭਾਈਜਾਨ’ ਅਤੇ ‘ਸੁਲਤਾਨ’ ਸ਼ਾਮਲ ਹਨ। ਇਸ ਵੇਲੇ ਅਦਾਕਾਰ ਦੇ ਇੰਸਟਾਗ੍ਰਾਮ ’ਤੇ 4.81 ਕਰੋੜ ਅਤੇ ਟਵਿੱਟਰ ’ਤੇ 4.34 ਕਰੋੜ ਚਾਹੁਣ ਵਾਲੇ ਹਨ। ਸਲਮਾਨ ਨੇ ਕਿਹਾ, ‘ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਅਤੇ ਮੈਂ ਆਪਣੇ ਚਾਹੁਣ ਵਾਲਿਆਂ ਦੇ ਪਿਆਰ ਅਤੇ ਸਤਿਕਾਰ ਦੀ ਕਦਰ ਕਰਦਾ ਹਾਂ।’’ ਅਦਾਕਾਰ ਨੇ ਕਿਹਾ, ‘ਇਹ ਹਕੀਕਤ ਹੈ ਕਿ ਜਦੋਂ ਕੋਈ ਮੈਨੂੰ ‘ਭਾਈ’ ਜਾਂ ‘ਭਾਈਜਾਨ’ ਕਹਿ ਕੇ ਬੁਲਾਉਂਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ। ਇੱਦਾਂ ਲੱਗਦਾ ਹੈ ਜਿਵੇਂ ਪੂਰਾ ਦੇਸ਼ ਇੱਕ ਪਰਿਵਾਰ ਹੋਵੇ। ਮੈਨੂੰ ਇਹ ਭਾਵਨਾਵਾਂ ਪਸੰਦ ਹਨ। ਕੋਈ ਫਰਕ ਨਹੀਂ ਪੈਂਦਾ ਕਿ ਉਹ ਕੌਣ ਹੈ, ਕਿੱਥੋਂ ਹੈ ਅਤੇ ਕਿਸ ਧਰਮ ਜਾਂ ਜਾਤ ਦਾ ਹੈ। ਉਹ ਸਭ ਮੈਨੂੰ ‘ਭਾਈ’ ਕਹਿੰਦੇ ਹਨ ਅਤੇ ਮੈਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ।’ ਸਲਮਾਨ ਖਾਨ ‘ਟਾਈਗਰ 3’, ‘ਕਭੀ ਈਦ ਕਭੀ ਦੀਵਾਲੀ’, ‘ਬਜਰੰਗੀ ਭਾਈਜਾਨ’ ਤੇ ‘ਨੋ ਐਂਟਰੀ’ ਦੇ ਦੂਜੇ ਭਾਗ ’ਚ ਵੀ ਦਿਖਾਈ ਦੇਵੇਗਾ।