ਨਵੀਂ ਦਿੱਲੀ, 24 ਅਗਸਤ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ. ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੁਕਮ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਪਿਛਲੇ 10 ਸਾਲ ਦੇ ਰਿਕਾਰਡ ਦੀ ਜਾਂਚ ਲਈ ਕਮੇਟੀ ਬਣਾਉਣ ਲਈ ਸਹਿਮਤੀ ਨਾ ਦੇਣ ਨਾਲ ਉਹਨਾਂ ਵੱਲੋਂ ਕੀਤੀ ਗੋਲਕ ਚੋਰੀ ਦਾ ਸੱਚ ਬੇਨਕਾਬ ਹੋ ਗਿਆ ਹੈ।
ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਨੇ ਬਹਾਨੇ ਬਣਾ ਕੇ ਸਹਿਮਤੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਮਨਜੀਤ ਸਿੰਘ ਜੀ. ਕੇ. ਵੱਲੋਂ ਬੇ ਸਿਰ ਪੈਰ ਦੀ ਬਹਾਨੇਬਾਜ਼ੀ ਕਰ ਕੇ ਆਪਣੇ ਗੁਨਾਹਾਂ ਨੂੰ ਪਰਦੇ ਪਿੱਛੇ ਹੀ ਰੱਖਣ ਦਾ ਯਤਨ ਕੀਤਾ ਗਿਆ ਹੈ ਕਿਉਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹਨਾਂ ਦੀ ਗੋਲਕ ਚੋਰੀ ਦਾ ਸੱਚ ਸਾਹਮਣੇ ਆ ਗਿਆ ਤਾਂ ਉਹਨਾਂ ਹਮੇਸ਼ਾ ਵਾਸਤੇ ਸਿੱਖ ਕੌਮ ਵਿਚੋਂ ਬਾਹਰ ਹੋ ਜਾਣਗੇ।
ਸਿਰਸਾ ਨੇ ਕਿਹਾ ਕਿ ਇਹੀ ਡਰ ਪਰਮਜੀਤ ਸਿੰਘ ਸਰਨਾ ਨੂੰ ਵੀ ਸਤਾ ਰਿਹਾ ਹੈ ਕਿਉਕਿ ਦੋਵਾਂ ਵੱਲੋਂ ਕੀਤੀ ਗੋਲਕ ਚੋਰੀ ਦੇ ਮਾਮਲੇ ਵਿਚ ਅਦਾਲਤ ਵੱਲੋਂ ਫੌਜਦਾਰੀ ਕੇਸ ਦਰਜ ਕਰਵਾਏ ਗਏ ਹਨ। ਜਿਥੇ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਵਿਦੇਸ਼ਾਂ ਤੋਂ ਆਇਆ ਪੈਸਾ ਖਾਣ, ਵਰਦੀਆਂ ਦੇ ਨਾਂ ‘ਤੇ, ਨਕਲੀ ਕਿਤਾਬਾਂ ਦੇ ਨਾਂ ‘ਤੇ ਪੈਸੇ ਖਾਧੇ ਗਏ ਤੇ ਆਪਣੀ ਬੇਟੀ ਦੀ ਕੰਪਨੀ ਦੀ ਨਾਂ ‘ਤੇ ਪੈਸੇ ਟਰਾਂਸਫਰ ਕੀਤੇ ਜਾਣ ਵਰਗੇ ਮਾਮਲਿਆਂ ਵਿਚ ਗੋਲਕ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ, ਉਥੇ ਹੀ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਰਕਾਬਗੰਜ ਸਾਹਿਬ ਦੀ ਮਿੱਟੀ ਵੇਚਣ ਅਤੇ ਬਾਲਾ ਸਾਹਿਬ ਹਸਪਤਾਲ ਵੇਚਣ ਤੇ ਆਪਣੇ ਪਰਿਵਾਰ ਦੀ ਫਰਮ ਬਿੰਦਰਾ ਟੈਕਸਟਾਈਲਜ਼ ਦੇ ਨਾਂ ‘ਤੇ ਪੈਸੇ ਟਰਾਂਸਫਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਹੋਏ ਹਨ।
ਉਹਨਾਂ ਕਿਹਾ ਕਿ ਦੋਵਾਂ ਆਗੂਆਂ ਨੂੰ ਸਮਝ ਆ ਗਿਆ ਹੈ ਕਿ ਜੋ ਚੋਰੀਆਂ ਉਹਨਾਂ ਨੇ ਕੀਤੀਆਂ ਹਨ ਅਤੇ ਜੇਕਰ ਇਹਨਾਂ ਦੀ ਜਾਂਚ ਹੋ ਗਈ ਤਾਂ ਇਹ ਦੋਵੇਂ ਸਥਾਈ ਤੌਰ ‘ਤੇ ਸਿੱਖ ਕੌਮ ਵਿਚੋਂ ਖਾਰਜ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪਹਿਲਾਂ ਇਹ ਦੋਵੇਂ ਆਗੂ ਇਕ ਦੂਜੇ ਨੂੰ ਚੋਰ ਦੱਸਦੇ ਸਨ ਤੇ ਹੁਣ ਇਹਨਾਂ ਦੋਵਾਂ ਨੇ ਆਪਸੀ ਵਿਚ ਸਮਝੌਤਾ ਕਰ ਕੇ ਇਕ ਦੂਜੇ ਦੀਆਂ ਚੋਰੀਆਂ ‘ਤੇ ਪਰਦਾ ਪਾਉਣ ਦੇ ਯਤਨ ਆਰੰਭ ਦਿੱਤੇ ਹਨ।
ਉਹਨਾਂ ਕਿਹਾ ਕਿ ਚਮਨ ਸਿੰਘ ਨੂੰ ਜੀ. ਕੇ. ਵੱਲੋਂ ਦਿੱਲੀ ਇਕਾਈ ਦਾ ਪ੍ਰਧਾਨ ਬਣਾਉਣਾ ਇਹ ਸਾਬਤ ਕਰਦਾ ਹੈ ਕਿ ਮਨਜੀਤ ਸਿੰਘ ਜੀ. ਕੇ. ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਅਦਾਲਤ ਵਿਚ ਉਹਨਾਂ ਦੇ ਖਿਲਾਫ ਜਿਹੜੇ ਸਬੂਤ ਹਨ ਅਤੇ ਜਿਹੜਾ ਵਿਦੇਸ਼ਾਂ ਦੇ ਪੈਸਿਆਂ ਦਾ ਗਬਨ ਕੀਤਾ ਹੈ, ਉਸਦੇ ਚਲਦਿਆਂ ਉਹਨਾਂ ਨੂੰ ਵੱਡੀ ਸਜ਼ਾ ਹੋਵੇਗੀ।
ਸਿਰਸਾ ਨੇ ਐਲਾਨ ਕੀਤਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਹਨਾਂ ਦੋਵਾਂ ਆਗੂਆਂ ਵੱਲੋਂ ਕੀਤੀ ਗੋਲਕ ਚੋਰੀ ਦੇ ਮਾਮਲੇ ਵਿਚ ਇਹਨਾਂ ਨੂੰ ਬਚਣ ਨਹੀਂ ਦੇਵੇਗੀ ਅਤੇ ਇਸ ਮਾਮਲੇ ਵਿਚ ਸੰਗਤ ਦੇ ਪੈਸੇ ਦਾ ਇਨਸਾਫ ਮਿਲਣਾ ਯਕੀਨੀ ਬਣਾਇਆ ਜਾਵੇਗਾ ਤੇ ਇਸ ਵਾਸਤੇ ਜੋ ਵੀ ਕਦਮ ਚੁੱਕਣੇ ਪਏ ਚੁੱਕੇ ਜਾਣਗੇ।