ਜਗਰਾਉਂ, 18 ਅਕਤੂਬਰ

ਜਗਰਾਉਂ-ਜਲੰਧਰ ਮਾਰਗ ’ਤੇ ਕਸਬਾ ਸਿੱਧਵਾਂ ਬੇਟ ਤੋਂ ਅੱਗੇ ਸਤਲੁਜ ਦਰਿਆ ਵਾਲੇ ਪੁਲ ਦੇ ਨਾਲ ਲੱਗਦੇ ਪਿੰਡ ਬੀਟਲਾਂ ‘ਚ ਪੇਕੇ ਘਰ ਆਈ ਪਤਨੀ, ਦੋਹਾਂ ਬੱਚਿਆਂ ਅਤੇ ਸੱਸ-ਸਹੁਰੇ ਨੂੰ ਇਕ ਵਿਅਕਤੀ ਨੇ ਅੱਗ ਲਾ ਕੇ ਜਿਉਂਦੇ ਸਾੜ ਦਿੱਤਾ। ਮਰਨ ਵਾਲਿਆਂ ‘ਚ ਮੁਲਜ਼ਮ ਦੀ 28 ਸਾਲਾ ਪਤਨੀ ਪਰਮਜੀਤ ਕੌਰ, 7 ਸਾਲਾ ਧੀ ਅਰਸ਼ਦੀਪ ਕੌਰ, 5 ਸਾਲਾ ਪੁੱਤ ਗੁਰਮੋਹਲ ਸਿੰਘ ਤੋਂ ਇਲਾਵਾ ਸਹੁਰਾ ਸੁਰਜਨ ਸਿੰਘ ਤੇ ਸੱਸ ਜੋਗਿੰਦਰੋ ਬਾਈ ਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਤੇ ਕੈਨੀ ‘ਚ ਲਿਆਂਦਾ ਪੈਟਰੋਲ ਛਿੜ ਕੇ ਕਮਰੇ ‘ਚ ਬੰਦ ਕਰਕੇ ਅੱਗ ਲਾ ਦਿੱਤੀ ਗਈ। ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਮਗਰੋਂ ਕਮਰੇ ਨੂੰ ਬਾਹਰੋਂ ਬੰਦ ਕਰਕੇ ਫ਼ਰਾਰ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਮਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਝੁਲਸੇ ਹੋਏ ਪਰਿਵਾਰ ਦੇ ਇਕ ਜੀਅ ਨੇ ਘਟਨਾ ਬਿਆਨ ਕੀਤੀ ਹੈ। ਪਿੰਡ ਬੀਟਲਾਂ ਦੀ ਪਰਮਜੀਤ ਕੌਰ ਦਾ ਵਿਆਹ ਦਰਿਆ ਕੰਢੇ ਪੈਂਦੇ ਪਿੰਡ ਖੁਰਸ਼ੈਦਪੁਰਾ ਦੇ ਕਾਲੀ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਨ੍ਹਾਂ ਦੇ ਦੋ ਬੱਚੇ ਹੋਏ ਪਰ ਘਰ ‘ਚ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਪਰਮਜੀਤ ਕੌਰ ਕੁਝ ਦਿਨ ਪਹਿਲਾਂ ਪੇਕੇ ਘਰ ਆ ਗਈ ਸੀ। ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਆਇਆ। ਪਿੰਡ ਵਾਸੀਆਂ ਮੁਤਾਬਕ ਉਸ ਕੋਲ ਕੈਨੀ ‘ਚ ਪੈਟਰੋਲ ਸੀ, ਜੋ ਉਸ ਨੇ ਘਰ ਦੇ ਜੀਆਂ ‘ਤੇ ਛਿੜਕ ਕੇ ਅੱਗ ਲਗਾ ਦਿੱਤੀ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕ ਦੇਹਾਂ ਨੂੰ ਨਕੋਦਰ ਹਸਪਤਾਲ ‘ਚ ਭੇਜਿਆ ਗਿਆ ਹੈ।