ਓਟਾਵਾ— ਐਨ.ਡੀ.ਪੀ. ਆਗੂ ਜਗਮੀਤ ਸਿੰਘ ਬੀਤੇ ਕੁਝ ਸਮੇਂ ਤੋਂ ਸੁਰਖੀਆਂ ‘ਚ ਛਾਏ ਹੋਏ ਹਨ। ਅਜਿਹੇ ‘ਚ ਉਨ੍ਹਾਂ ਦੇ ਇਕ ਹੋਰ ਵੱਡੇ ਬਿਆਨ ਨੇ ਸੁਰਖੀਆਂ ਦੀ ਅੱਗ ਨੂੰ ਹੋਰ ਵਧਾ ਦਿੱਤਾ ਹੈ। ਏਅਰ ਇੰਡੀਆ ਬੰਬ ਧਮਾਕਿਆਂ ‘ਚ ਤਲਵਿੰਦਰ ਸਿੰਘ ਪਰਮਾਰ ਦੀ ਭੂਮਿਕਾ ਕਬੂਲਣ ਤੋਂ ਬਾਅਦ ਹੁਣ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਭਾਰਤ ‘ਚ 1984 ‘ਚ ਹੋਏ ਸਿੱਖ ਵਿਰੋਧੀ ਦੰਗੇ ਸੋਚੀ ਸਮਝੀ ਸਾਜ਼ਿਸ਼ ਸੀ ਤੇ ਕੈਨੇਡਾ ਨੂੰ ਇਸ ਨੂੰ ਸਿੱਖ ਨਸਲਕੁਸ਼ੀ ਐਲਾਨ ਕਰਨਾ ਚਾਹੀਦਾ ਹੈ।
ਜਗਮੀਤ ਨੇ ਕਿਹਾ ਕਿ ਇਸ ਗੱਲ ਦੇ ਸਾਫ ਤੇ ਪੁਖਤਾ ਸਬੂਤ ਹਨ ਕਿ ਭਾਰਤ ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਹੋਏ ਸਿੱਖ ਵਿਰੋਧੀ ਦੰਗੇ ਕੋਈ ਅਚਾਨਕ ਨਹੀਂ ਹੋਏ ਸਨ, ਬਲਕਿ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਰਵਾਏ ਗਏ ਗਏ ਸਨ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਬਾਡੀਗਾਰਡਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। 1985 ‘ਚ ਏਅਰ ਇੰਡੀਆ ਦੇ ਜਹਾਜ਼ ‘ਚ ਹੋਏ ਬੰਬ ਧਮਾਕੇ ਨੂੰ ਵੀ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਬਦਲੇ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਇਸ ਦੌਰਾਨ ਸਰਕਾਰ ਵਲੋਂ ਇਨ੍ਹਾਂ ਦੰਗਿਆਂ ‘ਚ 3000 ਸਿੱਖਾਂ ਦੇ ਕਤਲ ਦੀ ਗੱਲ ਆਖੀ ਗਈ ਸੀ ਪਰ ਗੈਰ-ਸਰਕਾਰੀ ਏਜੰਸੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਦੰਗਿਆਂ ‘ਚ 10,000 ਦੇ ਕਰੀਬ ਸਿੱਖਾਂ ਦਾ ਕਤਲ ਹੋਇਆ ਸੀ।
ਜਗਮੀਤ ਸਿੰਘ ਨੇ ਵੀ ਕਿਹਾ ਕਿ ਇਨ੍ਹਾਂ ਦੰਗਿਆਂ ਤੋਂ ਡਰਦੇ ਸਿੱਖ ਭਾਰਤ ਛੱਡ ਕੈਨੇਡਾ ‘ਚ ਵੱਸ ਗਏ। ਇਨ੍ਹਾਂ ਦੰਗਿਆਂ ਨੂੰ ਸਿੱਖ ਨਸਲਕੁਸ਼ੀ ਐਲਾਨਣ ਨਾਲ ਹਿੰਦੂ ਤੇ ਸਿੱਖ ਭਾਈਚਾਰਿਆਂ ‘ਚ ਸ਼ਾਂਤੀ ਸਥਾਪਿਤ ਹੋਵੇਗੀ। 2016 ‘ਚ ਜਗਮੀਤ ਸਿੰਘ ਵਲੋਂ ਓਨਟਾਰੀਓ ਵਿਧਾਨ ਸਭਾ ਦੇ ਮੈਂਬਰ ਰਹਿੰਦੇ ਹੋਏ ’84′ ਦੰਗਿਆਂ ਨੂੰ ਸਿੱਖ ਨਸਲਕੁਸ਼ੀ ਐਲਾਨਣ ਲਈ ਵਿਧਾਨ ਸਭਾ ‘ਚ ਮਤਾ ਪੇਸ਼ ਕੀਤਾ ਗਿਆ ਸੀ ਕਿ ਪਰ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ।