ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 38ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੇ ਸਰੀਰ ਵਿੱਚੋਂ ਮਾਸ ਬਿਲਕੁੱਲ ਖ਼ਤਮ ਹੋ ਗਿਆ ਹੈ ਅਤੇ ਹੁਣ ਸਿਰਫ਼ ਹੱਡੀਆਂ ਹੀ ਬਚੀਆਂ ਹਨ, ਉਹ ਸਰੀਰਕ ਤੌਰ ‘ਤੇ ਬਹੁਤ ਕਮਜ਼ੋਰ ਹੋ ਗਏ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ 4 ਜਨਵਰੀ ਨੂੰ ਦੇਸ਼ ਭਰ ਦੇ ਕੋਨੇ-ਕੋਨੇ ਤੋਂ ਲੱਖਾਂ ਕਿਸਾਨ ਖਨੌਰੀ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਸੰਦੇਸ਼ ਸੁਣਨ ਲਈ ਪਹੁੰਚਣਗੇ, ਉਸ ਮਹਾਂਪੰਚਾਇਤ ਦੀ ਤਿਆਰੀ ਲਈ ਵੱਖ-ਵੱਖ ਕਮੇਟੀਆਂ ਬਣਾ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੇ ਬਿਆਨ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਅਤੇ ਭਾਸ਼ਾ ਦੀ ਮਰਿਆਦਾ ਅਨੁਸਾਰ ਦਿੱਤੇ ਜਾ ਰਹੇ ਹਨ।
ਜਗਜੀਤ ਸਿੰਘ ਡੱਲੇਵਾਲ ਦੀਆਂ ਦਿਲੀ ਭਾਵਨਾ ਅਨੁਸਾਰ ਹੀ ਸਾਰੇ ਬਿਆਨ ਦਿੱਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਧਰੋਂ ਵੀ ਇਨਸਾਫ਼ ਨਹੀਂ ਮਿਲਦਾ ਤਾਂ ਉਹ ਇਨਸਾਫ਼ ਦੀ ਆਪਣੀ ਆਖਰੀ ਉਮੀਦ ਮਾਣਯੋਗ ਸੁਪਰੀਮ ਕੋਰਟ ਤੋਂ ਹੀ ਰੱਖਦਾ ਹੈ, ਉਨ੍ਹਾਂ ਕਿਹਾ ਕਿ ਅਸੀਂ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਕੀ ਉਹ ਖੇਤੀਬਾੜੀ ਬਾਰੇ ਬਣੀ ਸੰਸਦੀ ਕਮੇਟੀ ਦੀ ਰਿਪੋਰਟ ਅਤੇ ਸੁਪਰੀਮ ਕੋਰਟ ਵੱਲੋ ਬਣਾਈ ਗਈ ਕਮੇਟੀ ਦੀ ਅੰਤਰਿਮ ਰਿਪੋਰਟ ਲਾਗੂ ਕਰਨ ਜਿਸ ਵਿੱਚ MSP ਗਾਰੰਟੀ ਕਾਨੂੰਨ ਬਣਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਅੱਜ ਕਰਨਾਟਕ ਅਤੇ ਤਾਮਿਲਨਾਡੂ ਤੋਂ ਕਿਸਾਨਾਂ ਦਾ ਇੱਕ ਵੱਡਾ ਜੱਥਾ ਕੁਰਬਰੂ ਸ਼ਾਂਤਾਕੁਮਾਰ ਅਤੇ ਪੀਆਰ ਪੰਡਯਾਨ ਦੀ ਅਗਵਾਈ ’ਚ ਖਨੌਰੀ ਕਿਸਾਨ ਮੋਰਚਾ ਉੱਪਰ ਪਹੁੰਚਿਆ।