ਨਵੀਂ ਦਿੱਲੀ, 8 ਜੁਲਾਈ

‘ਬਿੱਗ ਬੌਸ’ ਦੀ ਸਾਬਕਾ ਉਮੀਦਵਾਰ ਅਰਸ਼ੀ ਖ਼ਾਨ ਨੇ ਅੱਜ ਇੱਥੇ ਛੋਟੇ ਪਰਦੇ ’ਤੇ ਬਰਾਬਰ ਤਨਖ਼ਾਹ ਦਾ ਖੁਲਾਸਾ ਕੀਤਾ। ਅਰਸ਼ੀ ਨੇ ਆਈੲੇਐੱਨਐੱਸ ਨਾਲ ਗੱਲ ਕਰਦਿਆਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਛੋਟੇ ਪਰਦੇ ’ਤੇ ਮਹਿਲਾਵਾਂ ਦਾ ਰਾਜ ਹੈ। ਮਹਿਲਾ ਅਦਾਕਾਰਾਂ ਨੂੰ ਪੁਰਸ਼ ਕਲਾਕਾਰਾਂ ਦੇ ਬਰਾਬਰ ਤਨਖ਼ਾਹ ਦਿੱਤੀ ਜਾਂਦੀ ਹੈ। ਸਾਨੂੰ ਵਿਤਕਰਾ ਨਹੀਂ ਕਰਨਾ ਚਾਹੀਦਾ ਅਤੇ ਤਨਖ਼ਾਹ ਘੰਟਿਆਂ ਦੇ ਹਿਸਾਬ ਨਾਲ ਦੇਣੀ ਚਾਹੀਦੀ ਹੈ।’’ ਫਿਜ਼ੀਓਥੈਰੇਪਿਸਟ ਤੋਂ ਅਦਾਕਾਰਾ ਬਣੀ ਅਰਸ਼ੀ ਨੇ ਕਿਹਾ, ‘‘ਮੈਨੂੰ ਉਸ ਕਿੱਤੇ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ।’’ ਅਦਾਕਾਰਾ ਨੇ ਦੱਸਿਆ ਕਿ ਸੀਨੀਅਰ ਕਲਾਕਾਰਾਂ ਨੂੰ ਛੋਟੇ ਪਰਦੇ ’ਤੇ ਬਣਦਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ। ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਲੰਮੇ ਸਮੇਂ ਤੋਂ ਇਸ ਇੰਡਸਟਰੀ ਵਿੱਚ ਕੰਮ ਕਰਦੇ ਸੀਨੀਅਰ ਕਲਾਕਾਰਾਂ ਨੂੰ ਤਜਰਬੇ ਦੇ ਆਧਾਰ ’ਤੇ ਤਨਖ਼ਾਹ ਨਹੀਂ ਦਿੱਤੀ ਜਾਂਦੀ। ਉਮਰ ਵਧਣ ਦੇ ਨਾਲ ਕਲਾਕਾਰਾਂ ਨੂੰ ਇੱਕ ਪੱਖੀ ਕਿਰਦਾਰ ਨਿਭਾਉਣ ਲਈ ਮਿਲਦੇ ਹਨ ਅਤੇ ਭੁਗਤਾਨ ਵੀ ਖਾਸ ਨਹੀਂ ਕੀਤਾ ਜਾਂਦਾ। ਇਹ ਬੇਹੱਦ ਦੁਖਦਾਈ ਹੈ, ਜਦੋਂ ਅਸੀਂ ਪੜ੍ਹਦੇ ਹਾਂ ਕਿ ਵਡੇਰੀ ਉਮਰ ਦੇ ਕਲਾਕਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਅਸੀਂ ਕਈ ਪ੍ਰਾਜੈਕਟਾਂ ਵਿੱਚ ਦੇਖਿਆ।’’ ਅਦਾਕਾਰਾ ਸ਼ੋਅ ‘ਆਏਂਗੇ ਤੇਰੇ ਸਜਨਾ’ ਨਾਲ ਸਕਰੀਨ ’ਤੇ ਵਾਪਸੀ ਕਰ ਰਹੀ ਹੈ।