ਬਠਿੰਡਾ, ਪ੍ਰਧਾਨ ਮੰਤਰੀ ਦੀ ‘ਛੇ ਹਜ਼ਾਰੀ ਸਕੀਮ’ ਦਾ ਮੋਘਾ ਹੁਣ ਹਰਿਆਣਾ ’ਚ ਖੁੱਲ੍ਹਾ ਹੈ ਜਦੋਂਕਿ ਪੰਜਾਬ ਨੂੰ ਔੜ ਝੱਲਣੀ ਪੈ ਰਹੀ ਹੈ। ਚੋਣਾਂ ਕਰ ਕੇ ਹਰਿਆਣਾ ਦੇ ਕਿਸਾਨਾਂ ਨੂੰ ਮੌਜ ਲੱਗੀ ਹੈ, ਜਿਨ੍ਹਾਂ ਦੇ ਬੈਂਕ ਖਾਤਿਆਂ ’ਚ ਬਿਨਾਂ ਰੋਕ ਪੈਸਾ ਪੁੱਜ ਰਿਹਾ ਹੈ। ਉਧਰ, ਪੰਜਾਬ ਦੇ ਕਿਸਾਨ ਕੇਂਦਰ ਦੇ ਮੂੰਹ ਵੱਲ ਵੇਖ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17ਵੀਂ ਲੋਕ ਸਭਾ ਤੋਂ ਪਹਿਲਾਂ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਐਲਾਨੀ ਸੀ। ਇਸ ਕੇਂਦਰੀ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਛੇ ਹਜ਼ਾਰ ਰੁਪਏ ਤਿੰਨ ਕਿਸ਼ਤਾਂ ’ਚ ਦਿੱਤੇ ਜਾਣੇ ਹਨ। ਚੋਣਾਂ ਤੋਂ ਪਹਿਲਾਂ ਤਾਂ ਦੋ ਕਿਸ਼ਤਾਂ ਬਿਨਾਂ ਦੇਰੀ ਪੁੱਜ ਗਈਆਂ ਸਨ। ਲੋਕ ਸਭਾ ਚੋਣਾਂ ਮਗਰੋਂ ਇਸ ਸਕੀਮ ਦੀ ਤੀਸਰੀ ਕਿਸ਼ਤ ਨੂੰ ਬਰੇਕ ਲੱਗ ਗਈ।ਵੇਰਵਿਆਂ ਅਨੁਸਾਰ ‘ਛੇ ਹਜ਼ਾਰੀ ਸਕੀਮ’ ਦੇ ਪੰਜਾਬ ਵਿੱਚ 14.79 ਲੱਖ ਅਤੇ ਹਰਿਆਣਾ ਵਿਚ 13.51 ਲੱਖ ਲਾਭਪਾਤਰੀ ਕਿਸਾਨ ਹਨ। ਕਿਸਾਨਾਂ ਨੂੰ ਇਸ ਸਕੀਮ ਤਹਿਤ ਪਹਿਲੀ ਅਗਸਤ ਤੋਂ ਤੀਜੀ ਕਿਸ਼ਤ ਮਿਲਣੀ ਸੀ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿੱਚ ਇਸ ਸਕੀਮ ਦੀ ਤੀਜੀ ਕਿਸ਼ਤ ਸਿਰਫ਼ 16,243 ਕਿਸਾਨਾਂ ਨੂੰ ਮਿਲੀ ਹੈ ਜੋ ਕਿ ਸਿਰਫ਼ 1.09 ਫ਼ੀਸਦੀ ਬਣਦੀ ਹੈ। ਹਰਿਆਣਾ ’ਚ ਏਦਾ ਦਾ ਸੋਕਾ ਨਹੀਂ, ਉਥੇ 6.93 ਲੱਖ ਕਿਸਾਨਾਂ ਨੂੰ ਤੀਜੀ ਕਿਸ਼ਤ ਵੀ ਮਿਲ ਚੁੱਕੀ ਹੈ, ਜੋ 51.31 ਫ਼ੀਸਦੀ ਬਣਦੇ ਹਨ। ਦੇਸ਼ ’ਚੋਂ ਹਰਿਆਣਾ ਇਕਲੌਤਾ ਸੂਬਾ ਹੈ ਜਿਥੋਂ ਦੇ ਸਭ ਤੋਂ ਵੱਧ ਕਿਸਾਨਾਂ ਨੂੰ ਇਸ ਕੇਂਦਰੀ ਸਕੀਮ ਦੀ ਤੀਜੀ ਕਿਸ਼ਤ ਦੀ ਰਾਸ਼ੀ ਮਿਲੀ ਹੈ।
ਪੰਜਾਬ ਵਿਚ ਇਵੇਂ ਦੇ 1.65 ਲੱਖ ਕਿਸਾਨ ਹਨ ਜਿਨ੍ਹਾਂ ਨੂੰ ਕੇਂਦਰੀ ਸਕੀਮ ਦੀ ਦੂਸਰੀ ਕਿਸ਼ਤ ਵੀ ਪ੍ਰਾਪਤ ਨਹੀਂ ਹੋਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕਾ ਬਠਿੰਡਾ (ਸਮੇਤ ਮਾਨਸਾ) ’ਚ ਇਸ ਸਕੀਮ ਦੇ ਕੁੱਲ 1.88 ਲੱਖ ਲਾਭਪਾਤਰੀ ਕਿਸਾਨ ਹਨ, ਜਿਨ੍ਹਾਂ ’ਚੋਂ ਸਿਰਫ਼ 844 ਕਿਸਾਨਾਂ ਦੇ ਖਾਤਿਆਂ ਵਿਚ ਤੀਜੀ ਕਿਸ਼ਤ ਦੀ ਰਾਸ਼ੀ ਆਈ ਹੈ। ਸਭ ਤੋਂ ਘੱਟ ਫਰੀਦਕੋਟ ਦੇ ਸਿਰਫ਼ 70 ਅਤੇ ਫਤਹਿਗੜ੍ਹ ਸਾਹਿਬ ਦੇ 72 ਕਿਸਾਨਾਂ ਨੂੰ ਤੀਸਰੀ ਕਿਸ਼ਤ ਪ੍ਰਾਪਤ ਹੋਈ ਹੈ। ਪੰਜਾਬ ’ਚ ਸਭ ਤੋਂ ਵੱਧ ਫਾਜ਼ਿਲਕਾ ਜ਼ਿਲ੍ਹੇ ਦੇ 3357 ਕਿਸਾਨਾਂ ਨੂੰ ਤੀਸਰੀ ਕਿਸ਼ਤ ਮਿਲੀ ਹੈ। ਬਰਨਾਲਾ ਜ਼ਿਲ੍ਹੇ ਦੇ 403 ਅਤੇ ਮੁਕਤਸਰ ਸਾਹਿਬ ਦੇ 177 ਕਿਸਾਨਾਂ ਕੋਲ ਇਹ ਤੀਜੀ ਕਿਸ਼ਤ ਪੁੱਜੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ 2019 ਨੂੰ ਇਸ ਸਕੀਮ ਦਾ ਉਦਘਾਟਨ ਕੀਤਾ ਸੀ। ਕੇਂਦਰੀ ਸਕੀਮ ਦੀ ਪਹਿਲੀ ਕਿਸ਼ਤ 31 ਮਾਰਚ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਸੀ। ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਹਿਰੀ ਭਾਗੀ ਦਾ ਕਹਿਣਾ ਸੀ ਕਿ ਕੇਂਦਰੀ ਸਕੀਮ ਦੀਆਂ ਦੋ ਕਿਸ਼ਤਾਂ ਸਮੇਂ ਸਿਰ ਖਾਤਿਆਂ ਵਿਚ ਪੁੱਜੀਆਂ ਸਨ ਪ੍ਰੰਤੂ ਹੁਣ ਤੀਸਰੀ ਕਿਸ਼ਤ ਦਾ ਪੈਂਡਾ ਲੰਮਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਨਵੇਂ ਕਿਸਾਨ ਜੋ ਇਸ ਸਕੀਮ ਦੇ ਮੈਂਬਰ ਬਣਨੇ ਸਨ, ਉਸ ਦਾ ਕੰਮ ਠੰਢੇ ਬਸਤੇ ਵਿਚ ਪਿਆ ਹੈ ਅਤੇ ਪੰਜਾਬ ਸਰਕਾਰ ਵੀ ਕੋਈ ਸਰਗਰਮੀ ਨਹੀਂ ਦਿਖਾ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ ਦੇ 14.79 ਲੱਖ ਕਿਸਾਨਾਂ ਚੋਂ 14.60 ਲੱਖ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੀ ਰਾਸ਼ੀ ਮਿਲੀ ਹੈ ਜਦੋਂ ਕਿ 13.14 ਲੱਖ ਕਿਸਾਨਾਂ ਨੂੰ ਦੂਸਰੀ ਕਿਸ਼ਤ ਪ੍ਰਾਪਤ ਹੋਈ ਹੈ। ਪੰਜਾਬ ਦੇ ਕਿਸਾਨਾਂ ਨੂੰ ਤੀਸਰੀ ਕਿਸ਼ਤ ਵਜੋਂ ਹੁਣ ਤੱਕ 3.24 ਲੱਖ ਰੁਪਏ ਪ੍ਰਾਪਤ ਹੋਏ ਹਨ ਜਦੋਂ ਕਿ ਹਰਿਆਣਾ ਦੇ ਕਿਸਾਨਾਂ ਨੂੰ ਤੀਜੀ ਕਿਸ਼ਤ ਦੇ 138.67 ਕਰੋੜ ਰੁਪਏ ਖਾਤਿਆਂ ਵਿਚ ਪੈ ਗਏ ਹਨ। ਪੰਜਾਬ ਦੇ ਕਿਸਾਨਾਂ ਨੂੰ ਇਸ ਸਕੀਮ ਤਹਿਤ ਸਾਲਾਨਾ 887 ਕਰੋੜ ਰੁਪਏ ਮਿਲਣੇ ਹਨ ਜਦੋਂ ਕਿ ਹਰਿਆਣਾ ਦੇ ਕਿਸਾਨਾਂ ਨੂੰ 410 ਕਰੋੜ ਰੁਪਏ ਪ੍ਰਾਪਤ ਹੋਣੇ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਕੇਂਦਰੀ ਸਕੀਮ ਸਿਆਸੀ ਰੰਗ ਤੋਂ ਮੁਕਤ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਪੰਜਾਬ ਨਾਲ ਕਾਣੀ ਵੰਡ ਨਹੀਂ ਹੋਣੀ ਚਾਹੀਦੀ।

‘ਕਮਲ’ ਵਾਲੇ ਸੂਬੇ ਅੱਗੇ ਨਿਕਲੇ
ਦੂਸਰੇ ਸੂਬਿਆਂ ’ਤੇ ਨਜ਼ਰ ਮਾਰੀਏ ਤਾਂ ਗੁਜਰਾਤ ਦੇ 30.87 ਫੀਸਦੀ ਕਿਸਾਨਾਂ ਅਤੇ ਉੱਤਰ ਪ੍ਰਦੇਸ਼ ਦੇ 25.17 ਫੀਸਦੀ ਕਿਸਾਨਾਂ ਨੂੰ ਇਸ ਸਕੀਮ ਦੀ ਤੀਜੀ ਕਿਸ਼ਤ ਦਾ ਪੈਸਾ ਮਿਲ ਚੁੱਕਾ ਹੈ। ਛੋਟੇ ਸੂਬਿਆਂ ਨੂੰ ਵੀ ਇਹ ਪੈਸਾ ਨਹੀਂ ਮਿਲਿਆ ਹੈ। ਦਿੱਲੀ ਦੇ 11,385 ਕਿਸਾਨ ਹਨ ਜਿਨ੍ਹਾਂ ਨੂੰ ਤੀਜੀ ਕਿਸ਼ਤ ਨਹੀਂ ਮਿਲੀ। ਹੈਰਾਨੀ ਵਾਲੇ ਤੱਥ ਹਨ ਕਿ ਪੱਛਮੀ ਬੰਗਾਲ ਵਿਚ ਇਸ ਕੇਂਦਰੀ ਸਕੀਮ ਦਾ ਇੱਕ ਵੀ ਲਾਭਪਾਤਰੀ ਕਿਸਾਨ ਨਹੀਂ ਹੈ। ਮੱਧ ਪ੍ਰਦੇਸ਼ ਦੀ ਹਾਲਤ ਪੰਜਾਬ ਨਾਲੋਂ ਮਾੜੀ ਹੈ, ਜਿਥੇ 37.65 ਲੱਖ ਕਿਸਾਨਾਂ ਚੋਂ ਸਿਰਫ਼ 26 ਕਿਸਾਨਾਂ ਨੂੰ ਤੀਜੀ ਕਿਸ਼ਤ ਮਿਲੀ ਹੈ।