ਚੰਡੀਗੜ੍ਹ, 20 ਜੁਲਾਈ
ਇਥੋਂ ਦੇ ਸੈਕਟਰ-22 ਵਿੱਚ ਸਥਿਤ ਹੋਟਲ ਡਾਇਮੰਡ ਪਲਾਜ਼ਾ ਵਿੱਚ ਅੱਜ ਸਵੇਰੇ 5.30 ਵਜੇ ਦੇ ਕਰੀਬ ਏਕੇ 47 ਵਿਚੋਂ ਗੋਲੀ ਚੱਲ ਗਈ। ਇਸ ਦੌਰਾਨ ਪੰਜਾਬ ਪੁਲੀਸ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਐੱਸਐੱਸਪੀ ਕੁਲਦੀਪ ਸਿੰਘ ਚਾਹਲ ਅਤੇ ਡੀਐੱਸਪੀ ਗੁਰਮੁੱਖ ਸਿੰਘ ਸਣੇ ਹੋਰ ਪੁਲੀਸ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ 1 ਵਜੇ ਦੋ ਪੁਲੀਸ ਮੁਲਾਜ਼ਮ ਕਾਂਸਟੇਬਲ ਦੀਪਕ ਸਿੰੰਘ ਤੇ ਅੰਕਿਤ ਹੋਟਲ ਡਾਇਮੰਡ ਪਲਾਜ਼ਾ ਵਿੱਚ ਰਹਿਣ ਲਈ ਪਹੁੰਚੇ। ਹੋਟਲ ਵਿੱਚ ਗੋਲੀ ਸਵੇਰੇ 5 ਤੋਂ 5.30 ਵਜੇ ਦੇ ਵਿਚਕਾਰ ਚੱਲੀ। ਗੋਲੀ ਪੁਲੀਸ ਮੁਲਾਜ਼ਮ ਦੇ ਢਿੱਡ ਵਿੱਚ ਲੱਗੀ ਹੈ। ਗੋਲੀ ਚੱਲਣ ਬਾਅਦ ਹੋਟਲ ਸਟਾਫ ਕਮਰੇ ਵੱਲ ਭੱਜਿਆ ਪਰ ਦਰਵਾਜ਼ਾ ਖੜਕਾਉਣ ਤੋਂ ਇਕ ਮਿੰਟ ਬਾਅਦ ਅੰਕਿਤ ਵੱਲੋਂ ਖੋਲ੍ਹਿਆ ਗਿਆ। ਉਸ ਵੇਲੇ ਕਮਰੇ ਵਿੱਚ ਦੀਪਕ ਖੂਨ ਨਾਲ ਲੱਥ ਪੱਥ ਪਿਆ ਸੀ। ਅੰਕਿਤ ਨੇ ਦੱਸਿਆ ਕਿ ਪੀੜਤ ਗੁਲਸਖਾਨੇ ’ਚ ਜਾਣ ਵੇਲੇ ਆਪਣੀ ਏਕੇ 47 ਨਾਲ ਲੈ ਗਿਆ ਸੀ ਤੇ ਕੁੱਝ ਸਮੇਂ ਬਾਅਦ ਗੋਲੀ ਚੱਲਣ ਦੀ ਆਵਾਜ਼ ਸੁਣੀ। ਇਹ ਦੋਵੇਂ ਮੁਲਜ਼ਮ ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਨੂੰ ਸੁਰੱਖਿਆ ਲਈ ਮਿਲੇ ਹੋਏ ਹਨ। ਪ੍ਰਾਪਰਟੀ ਡੀਲਰ ਸਿਮਰਨਜੀਤ ਚੰਡੀਗੜ੍ਹ ਆਇਆ ਸੀ ਤੇ ਉਹ ਆਪ ਸੈਕਟਰ 35 ਵਿੱਚ ਠਹਿਰ ਗਿਆ ਤੇ ਇਨ੍ਹਾਂ ਦੋਵਾਂ ਨੂੰ ਸੈਕਟਰ 22 ਦੇ ਹੋਟਲ ’ਚ ਠਹਿਰਅ ਦਿੱਤਾ।