ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2022 ਵਿੱਚ ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਰੁੱਖ ਡਿੱਗਣ ਕਾਰਨ ਵਾਪਰੇ ਦੁਖਦ ਹਾਦਸੇ ਦੇ ਮਾਮਲੇ ਵਿੱਚ ਮਹੱਤਵਪੂਰਨ ਫੈਸਲਾ ਸੁਣਾਇਆ। ਇਸ ਹਾਦਸੇ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਵਿਦਿਆਰਥਣ ਦੀ ਬਾਂਹ ਕੱਟਣੀ ਪਈ ਸੀ। ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਖਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਜਖਮੀ ਵਿਦਿਆਰਥਣ ਨੂੰ 50 ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕੀਤੇ ਜਾਣ।

ਇਹ ਹਾਦਸਾ ਸੈਕਟਰ 9 ਦੇ ਸਕੂਲ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਪੁਰਾਣਾ ਪਿੱਪਲ ਦਾ ਦਰਖੱਤ ਅਚਾਨਕ ਬੱਚਿਆਂ ਉੱਤੇ ਡਿੱਗ ਪਿਆ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਘਟਨਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਵਾਪਰੀ, ਜਿਸ ਦੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ’ਤੇ ਹੈ। ਮੁਆਵਜ਼ੇ ਤੋਂ ਇਲਾਵਾ, ਜਖਮੀ ਵਿਦਿਆਰਥਣ ਨੂੰ ਉੱਚ ਪੱਧਰ ਦੀ ਮੁਫਤ ਸਿੱਖਿਆ ਅਤੇ ਸਾਰੇ ਡਾਕਟਰੀ ਖਰਚਿਆਂ ਦੀ ਅਦਾਇਗੀ ਦਾ ਵੀ ਹੁਕਮ ਦਿੱਤਾ ਗਿਆ, ਚਾਹੇ ਇਲਾਜ ਦੇਸੀ ਹੋਵੇ ਜਾਂ ਵਿਦੇਸ਼ੀ।

ਪਹਿਲਾਂ ਪੀੜਤ ਪਰਿਵਾਰਾਂ ਨੂੰ ਆਫ਼ਤ ਰਾਹਤ ਫੰਡ ਵਿੱਚੋਂ 84 ਲੱਖ ਰੁਪਏ ਦੀ ਸਹਾਇਤਾ ਮਿਲੀ ਸੀ, ਪਰ ਪਰਿਵਾਰਾਂ ਨੇ ਇਸ ਨੂੰ ਨਾਕਾਫ਼ੀ ਦੱਸਦਿਆਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਇਸ ਪਟੀਸ਼ਨ ’ਤੇ ਫੈਸਲਾ ਸੁਣਾਉਂਦਿਆਂ ਮ੍ਰਿਤਕ ਦੇ ਪਰਿਵਾਰ ਨੂੰ 84 ਲੱਖ ਤੋਂ ਵੱਧ 1 ਕਰੋੜ ਅਤੇ ਜਖਮੀ ਵਿਦਿਆਰਥਣ ਨੂੰ 50 ਲੱਖ ਰੁਪਏ ਦੇਣ ਦਾ ਨਿਰਦੇਸ਼ ਦਿੱਤਾ।