ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਚੋਣ ਅਧਿਕਾਰੀ ਡਾ. ਕੇ. ਸ਼ੰਕਰ ਰਾਜੂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਵਾਲੇ ਇੰਸਪੈਕਟਰ ਪੀ.ਐੱਸ. ਬਾਜਵਾ ਵਿਰੁੱਧ ਦਰਜ ਕੀਤੀ ਐੱਫਆਈਆਰ ਦੀ ਤਫਤੀਸ਼ ਪੰਜਾਬ ਪੁਲੀਸ ਕੋਲੋਂ ਲੈ ਕੇ ਚੰਡੀਗੜ੍ਹ ਪੁਲੀਸ ਹਵਾਲੇ ਕੀਤੀ ਜਾਵੇ।
ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇੰਸਪੈਕਟਰ ਬਾਜਵਾ ਵਿਚਾਲੇ ਚੱਲ ਰਹੀ ਖਿੱਚੋ-ਤਾਣ ਕਾਰਨ ਮੁੱਖ ਮੰਤਰੀ ਉਸ ਖ਼ਿਲਾਫ਼ ਨਿੱਜੀ ਕਿੜ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕੱਲ੍ਹ ਇੰਸਪੈਕਟਰ ਬਾਜਵਾ ਦੀ ਗ੍ਰਿਫ਼ਤਾਰੀ ਤੋਂ ਪਿਛੋਂ ਪੁਲੀਸ ਅਤੇ ਸਰਕਾਰ ਉਸ ਖ਼ਿਲਾਫ਼ ਨਿੱਜੀ ਰੰਜ਼ਿਸ਼ ਉਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸ਼ਾਹਕੋਟ ਅਤੇ ਪੰਜਾਬ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਪੁਲੀਸ ਨੇ ਕਾਂਗਰਸੀ ਉਮੀਦਵਾਰ ਖ਼ਿਲਾਫ਼ ਐੱਫ.ਆਈ.ਆਰ. ਹੋਣ ਦੇ ਬਾਵਜੂਦ ਵੀ ਅਗਲੇਰੀ ਕਾਰਵਾਈ ਨਹੀਂ ਕੀਤੀ ਹੈ, ਜਦਕਿ ਇੰਸਪੈਕਟਰ ਬਾਜਵਾ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ।  ਬਾਜਵਾ ਗੈਰਕਾਨੂੰਨੀ ਮਾਈਨਿੰਗ ਸਬੰਧੀ ਦਰਜ ਕੀਤੀ ਆਪਣੀ ਐੱਫ.ਆਈ.ਆਰ. ’ਤੇ ਖੜ੍ਹੇ ਹਨ ਅਤੇ ਉਸਨੇ ਜਨਤਕ ਤੌਰ ਉਤੇ ਮੁੱਖ ਮੰਤਰੀ ’ਤੇ ਗੰਭੀਰ ਸਵਾਲ ਚੁੱਕੇ ਸਨ। ਉਨ੍ਹਾਂ ਮੰਗ ਕੀਤੀ ਕਿ ਜਲੰਧਰ (ਦਿਹਾਤੀ) ਦੇ ਐੱਸ.ਐੱਸ.ਪੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਬਿਨਾਂ ਕਿਸੇ ਦੇਰੀ ਬਦਲਿਆ ਜਾਵੇ ਅਤੇ ਸ਼ਾਹਕੋਟ ਉਪ ਚੋਣ ਲਈ ਪੰਜਾਬ ਪੁਲੀਸ ਦੀ ਥਾਂ ਪੈਰਾ-ਮਿਲਟਰੀ ਫੋਰਸ ਲਗਾਈ ਜਾਵੇ।