ਚੰਡੀਗੜ੍ਹ : ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦਾ ਮਸ਼ਕੂਕ ਸਿਮਰਨ ਪ੍ਰੀਤ ਪਨੇਸਰ (31) ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਪਨੇਸਰ 2.2 ਕਰੋੜ ਕੈਨੇਡੀਅਨ ਡਾਲਰ (ਕਰੀਬ 135 ਕਰੋੜ ਰੁਪਏ) ਮੁੱਲ ਦੀਆਂ ਸੋਨੇ ਦੀਆਂ ਬਾਰਜ਼ ਦੀ ਚੋਰੀ ਵਿੱਚ ਕਥਿਤ ਸ਼ਾਮਲ ਸੀ। ਪਨੇਸਰ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਹੈ। ਕੈਨੇਡੀਅਨ ਪੁਲੀਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਨੇਸਰ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਨਜ਼ਦੀਕ ਰਹਿ ਰਿਹਾ ਸੀ।

‘ਦਿ ਇੰਡੀਅਨ ਐਕਸਪ੍ਰੈਸ’ ਅਤੇ ਕੈਨੇਡਾ ਦੇ ਸੀਬੀਸੀ ਨਿਊਜ਼: ਦਿ ਫਿਫਥ ਅਸਟੇਟ ਵੱਲੋਂ ਕੀਤੀ ਗਈ ਸਾਂਝੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਿਮਰਨ ਪ੍ਰੀਤ ਪਨੇਸਰ ਚੰਡੀਗੜ੍ਹ ਦੇ ਬਾਹਰਵਾਰ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਦਾਕਾਰਾ ਹੈ। ਜਦੋਂ ਇੰਡੀਅਨ ਐਕਸਪ੍ਰੈਸ ਦੀ ਟੀਮ ਪਨੇਸਰ ਨੂੰ ਮਿਲੀ, ਤਾਂ ਉਸ ਨੇ ਕਾਨੂੰਨੀ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਸੂਤਰਾਂ ਅਨੁਸਾਰ ਪਨੇਸਰ ਪਿਛਲੇ ਸਾਲ ਜੂਨ ਵਿੱਚ ਆਤਮ-ਸਮਰਪਣ ਕਰਨ ਵਾਲਾ ਸੀ ਪਰ ਅਜਿਹਾ ਨਹੀਂ ਹੋਇਆ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੈਨੇਡੀਅਨ ਸਰਕਾਰ ਭਾਰਤ ਤੋਂ ਉਸ ਦੀ ਹਵਾਲਗੀ ਦੀ ਮੰਗ ਕਰੇਗੀ ਜਾਂ ਨਹੀਂ। ਇਸ ਵੇਲੇ ਪਨੇਸਰ ਆਪਣੇ ਪਰਿਵਾਰ ਨਾਲ ਆਮ ਜ਼ਿੰਦਗੀ ਜੀਅ ਰਿਹਾ ਹੈ, ਪਰ ਉਸ ਦੀ ਮੌਜੂਦਗੀ ਨੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਹੈ।
ਕਦੋਂ ਤੇ ਕਿਵੇਂ ਹੋਈ ਸੀ ਚੋਰੀ

17 ਅਪਰੈਲ, 2023 ਨੂੰ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਏਅਰ ਕੈਨੇਡਾ ਦੀ ਇੱਕ ਉਡਾਣ ਦੇ ਕਾਰਗੋ ਵਿੱਚੋਂ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ 400 ਕਿਲੋਗ੍ਰਾਮ ਵਜ਼ਨ ਦੀਆਂ 6,600 ਸ਼ੁੱਧ ਸੋਨੇ ਦੀਆਂ ਬਾਰਜ਼ ਅਤੇ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਚੋਰੀ ਹੋ ਗਈ ਸੀ।

ਪੁਲੀਸ ਨੂੰ ਇਸ ਚੋਰੀ ਬਾਰੇ ਅਗਲੇ ਦਿਨ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਅਰਚਿਤ ਗਰੋਵਰ, ਪਰਮਪਾਲ ਸਿੱਧੂ ਅਤੇ ਅਮਿਤ ਜਲੋਟਾ ਸ਼ਾਮਲ ਸਨ।

ਇਸ ਤੋਂ ਇਲਾਵਾ ਅਹਿਮਦ ਚੌਧਰੀ, ਅਲੀ ਰਜ਼ਾ ਅਤੇ ਪ੍ਰਸਾਥ ਪਰਮਾਲਿੰਗਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਕੈਨੇਡੀਅਨ ਪੁਲੀਸ ਨੇ ਚੋਰੀ ਦੇ ਮਾਮਲੇ ਵਿੱਚ ਦੋ ਜਣਿਆਂ ਸਿਮਰਨ ਪ੍ਰੀਤ ਪਨੇਸਰ (ਬਰੈਂਪਟਨ) ਅਤੇ ਅਰਸਲਾਨ ਚੌਧਰੀ (ਮਿਸੀਸਾਗਾ) ਵਿਰੁੱਧ ਲੋੜੀਂਦੇ ਨੋਟਿਸ ਜਾਰੀ ਕੀਤੇ ਸਨ।

ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਨੇ 89 ਹਜ਼ਾਰ ਡਾਲਰ ਦਾ 1 ਕਿਲੋ ਸੋਨਾ, ਸੋਨਾ ਪਿਘਲਾਉਣ ਵਾਲਾ ਉਪਕਰਣ ਅਤੇ 4.34 ਲੱਖ ਕੈਨੇਡੀਅਨ ਡਾਲਰ ਦੀ ਨਕਦੀ ਬਰਾਮਦ ਕੀਤੀ ਹੈ। ਹਾਲਾਂਕਿ, 400 ਕਿਲੋਗ੍ਰਾਮ ਚੋਰੀ ਹੋਇਆ ਸੋਨਾ ਅਜੇ ਵੀ ਗਾਇਬ ਹੈ।