ਚੰਡੀਗੜ੍ਹ ਵਿਚ ਅੱਜ ਨਗਰ ਨਿਗਮ ਦੀ ਮੀਟਿੰਗ ਵਿਚ ਹੰਗਾਮਾ ਹੋ ਗਿਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇਮੇਅਰ ਹਰਪ੍ਰੀਤ ਕੌਰ ਬਬਲਾ ਦੇ ਵਿਦੇਸ਼ ਦੌਰੇ ਨੂੰ ਲੈ ਕੇ ਘੇਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਨ੍ਹਾਂ ਨੇ ਨਿਗਮ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਖਿਲਾਫ ਆਵਾਜ਼ ਚੁੱਕੀ।
ਜਦੋਂ ਮੇਅਰ ਤੇ ਭਾਜਪਾ ਕੌਂਸਲਰਾਂ ਨੇ ਉਨ੍ਹਾਂ ਨੂੰ ਹੰਗਾਮਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਪੱਖਾਂ ਵਿਚ ਕਾਫੀ ਬਹਿਸ ਹੋਈ। ਕਾਂਗਰਸ ਕੌਂਸਲਰਾਂ ਨੂੰ ਸ਼ਾਂਤ ਕਰਾਉਣ ਲਈ ਮੇਅਰ ਬਬਲਾ ਨੇ ਵਿਦੇਸ਼ ਦੌਰੇ ਦੌਰਾਨ ਮਿਲਿਆ ਐਵਾਰਡ ਉਨ੍ਹਾਂ ਨੂੰ ਦਿਖਾਇਆ। ਉਨ੍ਹਾਂ ਕਿਹਾ ਕਿ ਤੁਹਾਡੇ ਸ਼ਹਿਰ ਨੂੰ ਐਵਾਰਡ ਮਿਲਿਆ ਹੈ ਤੇ ਤੁਸੀਂ ਸ਼ਹਿਰ ਦੇ ਨਾਲ ਹੀ ਨਹੀਂ ਹੋ।
ਕਾਂਗਰਸ ਤੇ ਆਪ ਕੌਂਸਲਰਾਂ ਨੇ ਏਜੰਡੇ ਦੇ ਮਤੇ ਦੀਆਂ ਕਾਪੀਆਂ ਸਦਨ ਵਿਚ ਫਾੜ ਦਿੱਤੀਆਂ । ਕਾਂਗਰਸ ਕੌਂਸਲਰਾਂ ਨੇ ਨਿਗਮ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰੋ ਲਿਖੇ ਪਰਚੇ ਚੁੱਕੇ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਨ੍ਹਾਂ ਨੇ ਮੀਟਿੰਗ ਦੇ ਏਜੰਡੇ ਦੇ ਪੇਪਰ ਫਾੜ ਕੇ ਮੇਅਰ ਵੱਲ ਸੁੱਟ ਦਿੱਤਾ। ਹੰਗਾਮਾ ਜ਼ਿਆਦਾ ਵਧਣ ‘ਤੇ ਮੇਅਰ ਨੇ 10 ਮਿੰਟ ਲਈ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ।