ਚੰਡੀਗੜ੍ਹ, 29 ਨਵੰਬਰ

ਚੰਡੀਗੜ੍ਹ ਦੇ ‘ਲੰਗਰ ਬਾਬਾ’ ਜਗਦੀਸ਼ ਲਾਲ ਅਹੂਜਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਨਿਰਸਵਾਰਥ ਸੇਵਾ ਕਰਨ ਲਈ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪਿਛਲੇ 20 ਸਾਲਾਂ ਤੋਂ ਪੀਜੀਆਈ ਦੇ ਬਾਹਰ ਅਤੇ ਬਾਅਦ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਵਿੱਚ ਇੱਕ ਦਿਨ ਵਿੱਚ ਲਗਪਗ 2,500 ਲੋਕਾਂ ਨੂੰ ਮੁਫਤ ਭੋਜਨ ਛਕਾਉਂਦੇ ਸਨ। ਉਨ੍ਹਾਂ ਪੀਜੀਆਈ ਦੇ ਬਾਹਰ ਲੰਗਰ ਲਾਉਣਾ ਜਨਵਰੀ 2000 ਵਿਚ ਉਦੋਂ ਸ਼ੁਰੂ ਕੀਤਾ ਸੀ ਜਦੋਂ ਉਹ ਕੈਂਸਰ ਦੇ ਇਲਾਜ ਲਈ ਹਸਪਤਾਲ ਦਾਖਲ ਹੋਏ ਸਨ। ਉਹ ਅਕਸਰ ਕਹਿੰਦੇ ਸਨ ਕਿ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਖਾਲੀ ਪੇਟ ਸੌਣ ਦਾ ਕੀ ਮਤਲਬ ਹੈ। ਉਹ ਪਿਸ਼ਾਵਰ ਤੋਂ ਆਇਆ ਤੇ ਪੰਜਾਬ ਦੇ ਮਾਨਸਾ ਰੇਲਵੇ ਸਟੇਸ਼ਨ ’ਤੇ ਕਈ ਹਫ਼ਤੇ ਰਿਹਾ। ਇਸ ਤੋਂ ਬਾਅਦ ਉਹ ਪਟਿਆਲਾ ਚਲਾ ਗਿਆ ਜਿੱਥੇ ਉਹ ਬੱਸਾਂ ’ਤੇ ਟੌਫੀਆਂ ਅਤੇ ਕੇਲੇ ਵੇਚਦਾ ਰਿਹਾ। ਉਹ 1956 ਵਿੱਚ ਚੰਡੀਗੜ੍ਹ ਦੇ ਬਾਹਰਵਾਰ ਕਾਂਸਲ ਗਿਆ ਜਿੱਥੇ ਉਸ ਨੇ ਕੇਲੇ ਵੇਚਣੇ ਸ਼ੁਰੂ ਕਰ ਦਿੱਤੇ। ਇਕ ਦਿਨ ਉਸ ਦੇ ਬੇਟੇ ਦਾ ਜਨਮ ਦਿਨ ਸੀ ਤੇ ਉਹ ਪਾਰਟੀ ਕਰ ਰਿਹਾ ਸੀ ਪਰ ਉਸ ਨੇ ਸੋਚਿਆ ਕਿ ਉਹ ਪਾਰਟੀ ਕਰ ਰਿਹਾ ਹੈ ਪਰ ਇਸ ਵੇਲੇ ਬਹੁਤੇ ਜਣੇ ਭੁੱਖੇ ਸੁੱਤੇ ਹਨ। ਇਸ ਤੋਂ ਬਾਅਦ ਉਸ ਨੇ ਗਰੀਬਾਂ ਨੂੰ ਰੋਟੀਆਂ ਛਕਾਈਆਂ। ਇਸ ਤੋਂ ਬਾਅਦ ਉਸ ਨੇ ਰੋਜ਼ਾਨਾ ਲੰਗਰ ਲਾਉਣ ਦਾ ਫੈਸਲਾ ਕੀਤਾ।