ਚੰਡੀਗੜ੍ਹ: ਚੰਡੀਗੜ੍ਹ ਦੇ ਏਲਾਂਟੇ ਮਾਲ ਦੀ ਪਾਰਕਿੰਗ ਵਿੱਚ ਮੰਗਲਵਾਰ ਰਾਤ ਅਚਾਨਕ ਗੋਲੀ ਚੱਲਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਗੋਲੀ ਇੱਕ ਕਾਰ ਦੇ ਦਰਵਾਜ਼ੇ ਵਿੱਚੋਂ ਲੰਘੀ ਅਤੇ ਐਲਾਂਟੇ ਦੇ ਗੇਟ ਨੰਬਰ 3 ਦੇ ਐਂਟਰੀ ਪੁਆਇੰਟ ਕੋਲ ਪਾਰਕਿੰਗ ਵਿੱਚ ਖੜ੍ਹੀ ਦੂਜੀ ਕਾਰ ਵਿੱਚ ਜਾ ਵੱਜੀ।
ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਸ਼ਾਂਤ ਕਰਵਾਇਆ ਅਤੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਗੋਲੀ ਨੈਕਸਾ ਕੰਪਨੀ ਦੇ ਵਾਲਿਟ ਕਰਮਚਾਰੀ ਵਲੋਂ ਚਲਾਈ ਗਈ ਸੀ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮੋਹਾਲੀ ਨਿਵਾਸੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਏਲਾਂਟੇ ਮਾਲ ਸਥਿਤ ਨੈਕਸਾ ਕੰਪਨੀ ‘ਚ ਕਾਰ ਖਰੀਦਣ ਆਇਆ ਸੀ। ਉਸ ਨੇ ਆਪਣੀ ਫਾਰਚੂਨਰ ਕਾਰ ਨੈਕਸਾ ਕੰਪਨੀ ਦੇ ਵਾਲਿਟ ਮੁਲਾਜ਼ਮ ਸਾਹਿਲ ਨੂੰ ਪਾਰਕਿੰਗ ਲਈ ਦਿੱਤੀ ਸੀ। ਪਰ ਜਦੋਂ ਸਾਹਿਲ ਕਾਰ ਲੈਣ ਗਿਆ ਤਾਂ ਉਸ ਨੇ ਕਾਰ ਵਿੱਚ ਪਿਆ ਪਿਸਤੌਲ ਚੁੱਕ ਲਿਆ। ਇਸ ਦੌਰਾਨ ਉਸ ਨੇ ਪਿਸਤੌਲ ਦਾ ਟਰਿੱਗਰ ਦਬਾ ਦਿੱਤਾ ਅਤੇ ਗੋਲੀ ਚੱਲ ਗਈ। ਗੋਲੀ ਪਹਿਲਾਂ ਫਾਰਚੂਨਰ ਕਾਰ ਦੀ ਖਿੜਕੀ ‘ਚੋਂ ਨਿਕਲੀ ਅਤੇ ਫਿਰ ਨੇੜੇ ਖੜ੍ਹੀ ਵੋਲਵੋ ਕਾਰ ‘ਚ ਜਾ ਵੱਜੀ। ਇਸ ਦੌਰਾਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਪਿਸਤੌਲ ਫਾਰਚੂਨਰ ਡਰਾਈਵਰ ਚਰਨਜੀਤ ਸਿੰਘ ਦਾ ਹੈ, ਜਿਸ ਕੋਲ ਆਲ ਇੰਡੀਆ ਲਾਇਸੈਂਸ ਵੀ ਹੈ।