ਚੰਡੀਗੜ੍ਹ, 17 ਅਗਸਤ
ਇਥੇ ਸੈਕਟਰ 22 ਵਿਚ ਕਿਰਾਏ ’ਤੇ ਰਹਿੰਦੀਆਂ ਪਿੰਡ ਬਲੂਆਣਾ ਅਬੋਹਰ, (ਫਾਜ਼ਿਲਕਾ) ਦੀਆਂ ਦੋ ਭੈਣਾਂ ਮਨਪ੍ਰੀਤ ਕੌਰ (25) ਅਤੇ ਰਾਜਵੰਤ ਕੌਰ (24) ਦਾ ਆਜ਼ਾਦੀ ਦਿਵਸ ਅਤੇ ਰੱਖੜੀ ਵਾਲੇ ਦਿਨ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਲੜਕੀਆਂ ਦੇ ਹੀ ਇਕ ਜਾਣਕਾਰ ਜ਼ੀਰਕਪੁਰ ਦੇ ਵਸਨੀਕ ਕੁਲਦੀਪ ਸਿੰਘ (30) ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜੋ ਚੰਡੀਗੜ੍ਹ ਪੁਲੀਸ ਦੇ ਸੇਵਾਮੁਕਤ ਥਾਣੇਦਾਰ ਦਾ ਪੁੱਤਰ ਹੈ।
ਚੰਡੀਗੜ੍ਹ ਦੀ ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੱਖੜੀ ਵਾਲੇ ਦਿਨ ਸਤਵਿੰਦਰ ਸਿੰਘ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਸੈਕਟਰ 22-ਸੀ ਦੇ ਮਕਾਨ ਨੰਬਰ 2598 ਦੀ ਦੂਸਰੀ ਮੰਜ਼ਿਲ ’ਤੇ ਉਨ੍ਹਾਂ ਦੇ ਜਾਣਕਾਰਾਂ ਦੀਆਂ ਦੋ ਲੜਕੀਆਂ ਫੋਨ ਨਹੀਂ ਚੁੱਕ ਰਹੀਆਂ ਹਨ ਅਤੇ ਉਨ੍ਹਾਂ ਦੇ ਕਮਰੇ ਦੇ ਬਾਹਰ ਤਾਲਾ ਲੱਗਾ ਹੋਇਆ ਹੈ। ਪੁਲੀਸ ਨੇ ਮੌਕੇ ’ਤੇ ਜਾ ਕੇ ਜਦੋਂ ਤਾਲਾ ਤੋੜਿਆ ਤਾਂ ਦੋਵੇਂ ਭੈਣਾਂ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਪਈਆਂ ਸਨ। ਮਕਾਨ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੀ ਸ਼ਸ਼ੀ ਬਾਲਾ ਨੇ ਪੁਲੀਸ ਨੂੰ ਦੱਸਿਆ ਕਿ 15 ਅਗਸਤ ਨੂੰ ਤੜਕੇ ਉਨ੍ਹਾਂ ਨੂੰ ਮਨਪ੍ਰੀਤ ਦੀ ਆਵਾਜ਼ ਆ ਰਹੀ ਸੀ, ਜਿਸ ਦੌਰਾਨ ਉਹ ਕੁਰਲਾ-ਕੁਰਲਾ ਕੇ ਕਹਿ ਰਹੀ ਸੀ ਕਿ ‘ਮੰਮੀ ਮੈਨੂੰ ਬਚਾ ਲਵੋ।’ ਸ਼ਸ਼ੀ ਨੇ ਦੱਸਿਆ ਕਿ ਉਹ ਆਵਾਜ਼ ਸੁਣ ਕੇ ਦੂਸਰੀ ਮੰਜ਼ਿਲ ’ਤੇ ਗਈ ਅਤੇ ਜਦੋਂ ਉਸ ਨੇ ਦਰਵਾਜ਼ਾ ਖੋਲ੍ਹ ਕੇ ਕਮਰੇ ਦੇ ਅੰਦਰ ਦੇਖਣ ਦਾ ਯਤਨ ਕੀਤਾ ਤਾਂ ਉਥੇ ਕੁਲਦੀਪ ਖੜ੍ਹਾ ਸੀ, ਜੋ ਅਕਸਰ ਉਥੇ ਆਉਂਦਾ-ਜਾਂਦਾ ਸੀ। ਕੁਲਦੀਪ ਨੇ ਸ਼ਸ਼ੀ ਨੂੰ ਇਹ ਕਹਿ ਕੇ ਦਰਵਾਜ਼ਾ ਬੰਦ ਕਰ ਦਿੱਤਾ ਕਿ ਕੁਝ ਨਹੀਂ ਹੋਇਆ ਹੈ। ਉਸ ਨੇ ਦੱਸਿਆ ਕਿ ਬਾਅਦ ਵਿਚ ਕੁਲਦੀਪ ਲੜਕੀਆਂ ਦੇ ਕਮਰੇ ਦੇ ਬਾਹਰ ਤਾਲਾ ਲਾ ਕੇ ਫ਼ਰਾਰ ਹੋ ਗਿਆ। ਸ਼ਸ਼ੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਦੋਵੇਂ ਭੈਣਾਂ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਆਪਣੇ ਭਰਾ ਲਈ ਚਾਂਦੀ ਦੀ ਰੱਖੜੀ ਲਿਆਂਦੀ ਹੈ। ਸਿਖਰਲੀ ਮੰਜ਼ਿਲ ’ਤੇ ਕੁੜੀਆਂ ਦੇ ਕਮਰੇ ਦੇ ਨਾਲ ਲਗਦੇ ਕਮਰੇ ਵਿਚ ਰਹਿੰਦੀ ਸਰਿਤਾ ਨੇ ਵੀ ਦੱਸਿਆ ਕਿ ਉਸ ਨੇ ਵੀ ਸਵੇਰੇ ਚਾਰ ਵਜੇ ਦੇ ਕਰੀਬ ਨਾਲ ਦੇ ਕਮਰੇ ਵਿਚੋਂ ਲੜਾਈ-ਝਗੜੇ ਦੀਆਂ ਆਵਾਜ਼ਾਂ ਸੁਣੀਆਂ ਸਨ। ਗੁਆਂਢ ’ਚ ਲੱਗੇ ਸੀਸੀਟੀਵੀ ਕੈਮਰੇ ਵਿਚ ਮੁਲਜ਼ਮ ਉਥੋਂ ਤੇਜ਼ੀ ਨਾਲ ਜਾਂਦਾ ਕੈਦ ਹੋ ਗਿਆ ਸੀ।
ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਕੁਲਦੀਪ ਦੋਵੇਂ ਭੈਣਾਂ ਨੂੰ ਕਈ ਸਾਲਾਂ ਤੋਂ ਜਾਣਦਾ ਸੀ। ਦੋਵੇਂ ਕੁੜੀਆਂ ਜ਼ੀਰਕਪੁਰ ਵਿਚ ਕੰਮ ਕਰਦੀਆਂ ਸਨ। ਪੁਲੀਸ ਅਨੁਸਾਰ ਕੁਲਦੀਪ ਵੱਡੀ ਭੈਣ ਮਨਪ੍ਰੀਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਇਸੇ ਗੱਲ ਤੋਂ ਦੋਵਾਂ ਵਿਚਕਾਰ ਕਿਸੇ ਗੱਲੋਂ ਕੁੜੱਤਣ ਚੱਲ ਰਹੀ ਸੀ। ਕੁੜੀਆਂ ਦਾ ਪਰਿਵਾਰ ਵੀ ਕੁਲਦੀਪ ਨੂੰ ਜਾਣਦਾ ਸੀ। ਇਸੇ ਖੁੰਦਕ ਤਹਿਤ ਮੁਲਜ਼ਮ 14 ਅਤੇ 15 ਅਗਸਤ ਦੀ ਰਾਤ ਨੂੰ ਕੁੜੀਆਂ ਦੇ ਕਮਰੇ ਵਿਚ ਆਇਆ ਸੀ। ਉਸ ਨੇ ਕਮਰੇ ਵਿਚ ਆ ਕੇ ਮਨਪ੍ਰੀਤ ਅਤੇ ਉਸ ਦੀ ਛੋਟੀ ਭੈਣ ਰਾਜਵੰਤ ਦਾ ਕਤਲ ਕਰ ਦਿੱਤਾ। ਪੁਲੀਸ ਅਨੁਸਾਰ ਮੁਲਜ਼ਮ ਨੇ ਪਹਿਲਾਂ ਦੋਵਾਂ ਭੈਣਾਂ ਦੇ ਗਲੇ ਘੁੱਟੇ ਅਤੇ ਫਿਰ ਚਾਕੂ ਨਾਲ ਦੋਵਾਂ ਦੀਆਂ ਗਰਦਨਾਂ ’ਤੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਐੱਸਐੱਚਓ ਜਸਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੀ ਦੋਵੇਂ ਭੈਣਾਂ ਨਾਲ ਖਿੱਚ-ਧੂਹ ਵੀ ਹੋਈ ਹੈ। ਉਨ੍ਹਾਂ ’ਚ ਕਾਫੀ ਝੜਪ ਵੀ ਹੋਈ ਅਤੇ ਭੈਣਾਂ ਨੇ ਮੁਲਜ਼ਮ ਦਾ ਕੁਝ ਸਮਾਂ ਮੁਕਾਬਲਾ ਵੀ ਕੀਤਾ। ਫਿਰ ਮੁਲਜ਼ਮ ਨੇ ਕਮਰੇ ਵਿਚੋਂ ਹੀ ਕੈਚੀ ਵਰਗਾ ਤਿੱਖਾ ਹਥਿਆਰ ਚੁੱਕ ਕੇ ਉਨ੍ਹਾਂ ਦੀਆਂ ਗਰਦਨਾਂ ਉਪਰ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਮੁਲਜ਼ਮ ਕਤਲ ਕਰਨ ਤੋਂ ਬਾਅਦ ਦੋਵਾਂ ਭੈਣਾਂ ਦੇ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਬਾਰ੍ਹਵੀਂ ਪਾਸ ਹੈ ਅਤੇ ਕੰਪੀਟੈਂਟ ਸਿਨਰਜੀ ਲਿਮਟਿਡ ਕੰਪਨੀ ਵਿਚ ਕੰਮ ਕਰਦਾ ਸੀ। ਉਸ ਦਾ ਪਹਿਲਾਂ ਕਿਸੇ ਤਰ੍ਹਾਂ ਦਾ ਅਪਰਾਧਿਕ ਪਿਛੋਕੜ ਨਹੀਂ ਹੈ। ਪੁਲੀਸ ਨੇ ਮੁਲਜ਼ਮ ਵਿਰੁੱਧ ਸੈਕਟਰ 17 ਥਾਣੇ ਵਿਚ ਕਤਲ (ਧਾਰਾ 302) ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਉਸ ਦੀ ਪੁੱਛ-ਪੜਤਾਲ ਕਰਕੇ ਕਤਲ ਲਈ ਵਰਤੇ ਹਥਿਆਰ ਨੂੰ ਬਰਾਮਦ ਕਰਨ ਦਾ ਯਤਨ ਕਰ ਰਹੀ ਹੈ। ਪੁਲੀਸ ਨੇ ਅੱਜ ਮੈਡੀਕਲ ਬੋਰਡ ਰਾਹੀਂ ਕੁੜੀਆਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਹਵਾਲੇ ਕਰ ਦਿੱਤੀਆਂ।