ਮੁੰਬਈ, 8 ਜੁਲਾਈ
ਬੌਲੀਵੁੱਡ ਅਦਾਕਾਰ ਵਿਦੁਯਤ ਜਾਮਵਾਲ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਸਿਰਫ਼ ਚੰਗੇ ਸਮੇਂ ’ਤੇ ਧਿਆਨ ਕੇਂਦਰਿਤ ਕਰਦਾ ਹੈ ਨਾ ਕਿ ਮੁਸ਼ਕਲਾਂ ’ਤੇ। ਵਿਦੁਯਤ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਕਾਲੇ ਰੰਗ ਦੇ ਕੱਪੜਿਆਂ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਹੱਥਾਂ ਵਿੱਚ ਇੱਕ-ਇੱਕ ਛੱਤਰੀ ਫੜੀ ਹੋਈ ਹੈ। ਤਸਵੀਰਾਂ ਵਿੱਚ ਪਿੱਛੇ ਸਤਰੰਗੀ ਪੀਂਘ ਦਿਖਾਈ ਦੇ ਰਹੀ ਹੈ। ਅਦਾਕਾਰ ਨੇ ਤਸਵੀਰਾਂ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ‘‘ਸਤਰੰਗੀ ਪੀਂਘ ਦੀ ਝਲਕ ਕਦੇ ਵੀ ਲੋਕਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਵਿੱਚ ਅਸਫ਼ਲ ਨਹੀਂ ਹੋਈ… ਮੈਂ ਆਪਣੇ ਜੀਵਨ ਵਿੱਚ ਸਤਰੰਗੀ ਪੀਂਘਾਂ ਯਾਦ ਰੱਖਦਾ ਹਾਂ ਨਾ ਕਿ ਤੂਫ਼ਾਨ।’’ ਕੰਮ ਦੀ ਗੱਲ ਕਰੀਏ ਤਾਂ ਵਿਦੁਯਤ ਨੇ ਹਾਲ ਹੀ ਵਿੱਚ ਫਿਲਮ ‘ਸਨਕ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ, ਜਿਸ ਵਿੱਚ ਉਸ ਨਾਲ ਬੰਗਾਲੀ ਅਦਾਕਾਰਾ ਰੁਕਮਿਨੀ ਮੈਤਰਾ ਕੰਮ ਕਰ ਰਹੀ ਹੈ। ‘ਸਨਕ’ ਰੁਕਮਿਨੀ ਦੀ ਪਹਿਲੀ ਬੌਲੀਵੁੱਡ ਫਿਲਮ ਹੈ। ਇਹ ਫਿਲਮ ਕਨਿਸ਼ਕ ਵਰਮਾ ਦੇ ਨਿਰਦੇਸ਼ਨ ਹੇਠ ਬਣੀ ਹੈ ਅਤੇ ਇਸ ਵਿੱਚ ਚੰਦਨ ਰੌਏ ਸਨਿਆਲ ਤੇ ਨੇਹਾ ਧੂਪੀਆ ਨੇ ਵੀ ਕੰਮ ਕੀਤਾ ਹੈ।