ਓਨਟਾਰੀਓ, 14 ਜੂਨ : ਪ੍ਰੀਮੀਅਰ ਦੇ ਅਹੁਦੇ ਲਈ ਨਾਮਜ਼ਦ ਡੱਗ ਫੋਰਡ ਅਗਲੇ ਮਹੀਨੇ ਵਿਧਾਨ ਸਭਾ ਦੀ ਮੀਟਿੰਗ ਸੱਦਣਗੇ ਤਾਂ ਕਿ ਗਰਮੀਆਂ ਵਿੱਚ ਛੋਟਾ ਜਿਹਾ ਸੈਸ਼ਨ ਲਾ ਕੇ ਯੌਰਕ ਯੂਨੀਵਰਸਿਟੀ ਦੀ ਹੜਤਾਲ ਖਤਮ ਕੀਤੀ ਜਾ ਸਕੇ। ਇਸ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਘਟਾਉਣ ਲਈ ਸਬੰਧੀ ਕੀਤੇ ਗਏ ਆਪਣੇ ਚੋਣ ਵਾਅਦੇ ਨੂੰ ਵੀ ਫੋਰਡ ਪੂਰਾ ਕਰਨ ਦੀ ਕੋਸਿ਼ਸ਼ ਕਰਨਗੇ।

ਕੁਈਨਜ਼ ਪਾਰਕ ਵਿੱਚ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਆਖਿਆ ਕਿ ਅਸੀਂ ਤੇਜ਼ੀ ਨਾਲ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਦੀ ਕਵਾਇਦ ਸੁ਼ਰੂ ਕਰਾਂਗਗੇ। ਵੀਰਵਾਰ ਨੂੰ ਹੋਈਆਂ ਚੋਣਾਂ ਵਿੱਚ ਲਿਬਰਲ ਪ੍ਰੀਮੀਅਰ ਕੈਥਲੀਨ ਵਿੰਨ ਦੀ ਪਾਰਟੀ ਨੂੰ ਚਿੱਤ ਕਰਨ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ 29 ਜੂਨ ਨੂੰ ਪ੍ਰੀਮੀਅਰ ਦਾ ਅਹੁਦਾ ਸਾਂਭਣਗੇ। ਉਸ ਸਮੇਂ ਹੀ ਨਵਾਂ ਪ੍ਰੀਮੀਅਰ ਤੇ ਨਵਾਂ ਮੰਤਰੀ ਮੰਡਲ ਸੰਹੁ ਚੁੱਕੇਗਾ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਫੋਰਡ ਦੀ ਮੁੱਖ ਤਰਜੀਹ ਯੌਰਕ ਯੂਨੀਵਰਸਿਟੀ ਦੇ 3000 ਕਾਂਟਰੈਕਟ ਫੈਕਲਟੀ, ਟੀਚਿੰਗ ਅਸਿਸਟੈਂਟਸ, ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੀ ਹੜਤਾਲ ਖਤਮ ਕਰਵਾਉਣਾ ਹੈ। ਇਸ ਤੋਂ ਇਲਾਵਾ ਫੋਰਡ ਪ੍ਰੋਵਿੰਸ਼ੀਅਲ ਐਕਸਾਈਜ਼ ਟੈਕਸ ਤੇ ਓਨਟਾਰੀਓ ਦਾ ਕਿਊਬਿਕ ਤੇ ਕੈਲੇਫੋਰਨੀਆ ਨਾਲ ਕੈਪ ਐਂਡ ਟਰੇਡ ਪ੍ਰੋਗਰਾਮ ਵੀ ਖਤਮ ਕਰਨਾ ਚਾਹੁੰਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਕਲਾਈਮੇਟ ਚੇਂਜ ਸਮਝੌਤੇ ਤੋਂ ਪਾਸੇ ਹੋਣ ਲਈ 18 ਮਹੀਨੇ ਦਾ ਸਮਾਂ ਲੱਗ ਸਕਦਾ ਹੈ।
ਇਸ ਤੋਂ ਇਲਾਵਾ ਫੋਰਡ ਹਾਈਡਰੋ ਵੰਨ ਵਿੱਚ ਵੀ ਜਲਦ ਤਬਦੀਲੀਆਂ ਕਰਨੀਆਂ ਚਾਹੁੰਦੇ ਹਨ। ਨਵੀਂ ਸਰਕਾਰ ਦੇ ਏਜੰਡੇ ਬਾਰੇ ਰਾਜਭਾਸ਼ਣ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਵਿਧਾਨ ਸਭਾ ਦੀ ਕਾਰਵਾਈ ਸਹੀ ਢੰਗ ਨਾਲ ਚਲਾਉਣ ਲਈ ਸਪੀਕਰ ਦੀ ਚੋਣ ਵੀ ਕਰਨੀ ਹੋਵੇਗੀ। ਟੋਰੀ ਐਮਪੀਪੀ ਟੈੱਡ ਆਰਨੌਟ ਤੇ ਰਿੱਕ ਨਿਕੋਲਸ ਵਿੱਚੋਂ ਕਿਸੇ ਇੱਕ ਨੂੰ ਨਵਾਂ ਸਪੀਕਰ ਬਣਾਇਆ ਜਾ ਸਕਦਾ ਹੈ।