ਓਟਵਾ, 28 ਜੂਨ : ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੀ ਜਾਂਚ ਲਈ ਕਿਸੇ ਵੀ ਤਰ੍ਹਾਂ ਦਾ ਅਗਲਾ ਕਦਮ ਚੁੱਕੇ ਜਾਣ ਸਬੰਧੀ ਐਲਾਨ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ।ਉਨ੍ਹਾਂ ਸਾਫ ਆਖ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਜਦੋਂ ਤੱਕ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਨਹੀਂ ਦੇਣਗੀਆਂ ਉਹ ਅਗਲੀ ਕਾਰਵਾਈ ਲਈ ਹਰੀ ਝੰਡੀ ਨਹੀਂ ਦੇਣਗੇ।
ਟਰੂਡੋ ਨੇ ਆਖਿਆ ਕਿ ਇਸ ਮਾਮਲੇ ਲਈ ਸਪੈਸ਼ਲ ਰੈਪੋਰਟਰ ਡੇਵਿਡ ਜੌਹਨਸਟਨ ਨੂੰ ਨਿਯੁਕਤ ਕੀਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਕੀਤੀ ਜਾਂਚ ਦੌਰਾਨ ਜੋ ਵੀ ਹਾਲਾਤ ਪੈਦਾ ਹੋਏ, ਉਹ ਉਸ ਤੋਂ ਬਚਣਾ ਚਾਹੁੰਦੇ ਹਨ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਵਿਦੇਸ਼ੀ ਦਖ਼ਲ ਦੇ ਮੁੱਦੇ ਬਾਰੇ ਅਗਲੀ ਕੋਈ ਵੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਉਨ੍ਹਾਂ ਨੂੰ ਇਹ ਰਾਇ ਦੇਣਗੀਆਂ ਕਿ ਇਹ ਕਿਸ ਤਰ੍ਹਾਂ ਹੋਵੇਗੀ ਤੇ ਇਸ ਨੂੰ ਕੌਣ ਕਰੇਗਾ।
ਜਿ਼ਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਡੇਵਿਡ ਜੌਹਨਸਟਨ ਨੂੰ ਅਜਿਹੇ ਨਾਜ਼ੁਕ ਮਸਲੇ ਲਈ ਵਿਸ਼ੇਸ਼ ਤੌਰ ਉੱਤੇ ਰੈਪੋਰਟਰ ਨਿਯੁਕਤ ਕਰਨ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਸੀ ਤੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਗਈ ਸੀ। ਇਸ ਮਹੀਨੇ ਦੇ ਸੁ਼ਰੂ ਵਿੱਚ ਜੌਹਨਸਟਨ ਵੱਲੋਂ ਪਬਲਿਕ ਜਾਂਚ ਦੇ ਖਿਲਾਫ ਸਿਫਾਰਸ਼ ਕਰਨ ਤੋਂ ਬਾਅਦ ਰਿਪੋਰਟ ਜਮ੍ਹਾਂ ਕਰਵਾਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਇਸ ਤੋਂ ਬਾਅਦ ਤੋਂ ਹੀ ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨਿਕ ਲੀਬਲਾਂਕ ਵਿਰੋਧੀ ਧਿਰਾਂ ਨਾਲ ਇਹ ਵਿਚਾਰ ਵਟਾਂਦਰਾ ਕਰਨ ਵਿੱਚ ਲੱਗੇ ਹੋਏ ਹਨ ਕਿ ਇਸ ਮੁੱਦੇ ਉੱਤੇ ਅੱਗੇ ਕਿਸ ਤਰ੍ਹਾਂ ਵਧਿਆ ਜਾਵੇ।