ਅੰਮ੍ਰਿਤਸਰ, 7  ਫਰਵਰੀ
ਇਤਰਾਜ਼ਯੋਗ ਵੀਡੀਓ ਮਾਮਲੇ ਕਾਰਨ ਵਿਵਾਦਾਂ ਵਿੱਚ ਘਿਰੇ ਚਰਨਜੀਤ ਸਿੰਘ ਚੱਢਾ ਨੂੰ ਅੱਜ ਚੀਫ਼ ਖ਼ਾਲਸਾ ਦੀਵਾਨ  ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਸੰਸਥਾ ਦੇ ਸੰਵਿਧਾਨ ਮੁਤਾਬਕ ਪ੍ਰਧਾਨਗੀ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਪੁਰਾਣੇ ਕੱਢੇ ਗਏ ਤਿੰਨ ਮੈਂਬਰਾਂ ਦੀ ਵਾਪਸੀ ਸਬੰਧੀ ਰੌਲਾ-ਰੱਪਾ ਪਿਆ ਅਤੇ ਚੱਲ ਰਹੇ ਗੁਰਬਾਣੀ ਦੇ ਪਾਠ ਦਾ ਨਿਰਾਦਰ ਵੀ ਹੋਇਆ।
ਅੱਜ ਜਨਰਲ ਹਾਊਸ ਦੀ ਮੀਟਿੰਗ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਦਫ਼ਤਰ ਸਥਿਤ ਗੁਰਦੁਆਰੇ ਦੇ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਈ, ਜਿੱਥੇ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਦੀਵਾਨ ਦੇ ਕੁੱਲ 522 ਵਿੱਚੋਂ ਲਗਭਗ 200 ਮੈਂਬਰ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ   ਦੇ ਇੱਕ-ਨੁਕਾਤੀ ਏਜੰਡੇ ਤਹਿਤ ਚਰਨਜੀਤ ਸਿੰਘ ਚੱਢਾ ਵੱਲੋਂ ਦਿੱਤੇ ਅਸਤੀਫ਼ੇ ਦੀ ਪ੍ਰਵਾਨਗੀ ਅਤੇ ਦੀਵਾਨ ਵਿੱਚੋਂ ਉਸ ਦੀ ਮੁੱਢਲੀ ਮੈਂਬਰਸ਼ਿਪ ਖ਼ਤਮ ਕਰਨ ਦੀ ਸਿਫ਼ਾਰਸ਼ ਸ਼ਾਮਲ ਸੀ। ਜਿਵੇਂ ਹੀ ਇਹ ਮਤਾ ਪੇਸ਼ ਕੀਤਾ ਗਿਆ, ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਇਸ ਦੌਰਾਨ, ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਜਿਸ ਨੇ  ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਸਬੰਧੀ ਸੋਗ ਮਤਾ ਪਾਸ ਕੀਤਾ ਗਿਆ।
ਬਾਅਦ ਵਿੱਚ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੇ ਮੀਟਿੰਗ ਦੀ ਕਾਰਵਾਈ ਮੀਡੀਆ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਦੀਵਾਨ ਦੇ ਜਨਰਲ ਹਾਊਸ ਵੱਲੋਂ ਚਰਨਜੀਤ ਸਿੰਘ ਚੱਢਾ ਦੇ ਸਮੂਹ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਨੂੰ ਵਿਧਾਨਕ ਤੌਰ ’ਤੇ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੀ ਕਾਰਵਾਈ ਸਬੰਧੀ ਰਿਪੋਰਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜ ਦਿੱਤੀ ਜਾਵੇਗੀ। ਸੰਵਿਧਾਨ ਮੁਤਾਬਕ ਨਵੇਂ ਪ੍ਰਧਾਨ ਦੀ ਚੋਣ 60 ਦਿਨਾਂ ਵਿੱਚ ਕਰਾਉਣੀ ਲਾਜ਼ਮੀ ਹੈ। ਜਲਦੀ ਹੀ ਮੈਂਬਰਾਂ ਦੀ ਰਾਇ ਨਾਲ ਇਸ ਸਬੰਧੀ ਮੀਟਿੰਗ ਦੀ ਤਰੀਕ ਨਿਸ਼ਚਿਤ ਕੀਤੀ ਜਾਵੇਗੀ।

ਜਨਰਲ ਹਾਊਸ ਦੀ ਮੀਟਿੰਗ ਦੌਰਾਨ ਰੌਲਾ ਰੱਪਾ 
ਮੀਟਿੰਗ ਦੌਰਾਨ ਸਮਾਪਤੀ ਵੇਲੇ ਦੋ ਵਾਰ ਅਨੰਦ ਸਾਹਿਬ ਦਾ ਪਾਠ ਕਰਨਾ ਪਿਆ, ਜਿਸਨੂੰ ਪਾਠ ਦਾ ਨਿਰਾਦਰ ਕਰਾਰ ਦਿੱਤਾ ਗਿਆ ਹੈ। ਇਹ ਸਥਿਤੀ ਉਸ ਵੇਲੇ ਬਣੀ ਜਦੋਂ ਮੀਟਿੰਗ ਦੀ ਸਮਾਪਤੀ ਵੇਲੇ ਅਨੰਦ ਸਾਹਿਬ ਦਾ ਪਾਠ ਸ਼ੁਰੂ ਹੋਇਆ। ਇਸ ਦੌਰਾਨ ਕੁਝ ਮੈਂਬਰਾਂ ਨੇ ਵਿਰੋਧ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਅਪੀਲ ਕੀਤੀ ਕਿ ਚੱਢਾ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਵਿੱਚ ਸ਼ਾਮਲ ਔਰਤ ਨੇ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਸ ਲਈ ਜ਼ਰੂਰੀ ਹੈ ਕਿ ਜਾਂਚ ਕਮੇਟੀ ਬਣਾਈ ਜਾਵੇ ਤਾਂ ਜੋ ਅਜਿਹੀਆਂ ਹੋਰ ਔਰਤਾਂ, ਜੋ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ, ਨੂੰ ਨਿਆਂ ਮਿਲ ਸਕੇ। ਇਸ ਦੌਰਾਨ ਭਾਗ ਸਿੰਘ ਅਣਖੀ ਧੜੇ ਨਾਲ ਜੁੜੇ ਦੋ ਮੈਂਬਰਾਂ ਨਿਰਮਲ ਸਿੰਘ ਅਤੇ ਜਸਪਾਲ ਸਿੰਘ ਸੰਧੂ ਨੇ ਮੰਗ ਰੱਖੀ ਕਿ ਮੀਟਿੰਗ ਵਿੱਚ ਪੁਰਾਣੇ ਤਿੰਨ ਕੱਢੇ ਹੋਏ ਮੈਂਬਰਾਂ- ਭਾਗ ਸਿੰਘ ਅਣਖੀ, ਡਾ. ਐੱਸ.ਐੱਚ. ਸੋਚ ਅਤੇ ਅਵਤਾਰ ਸਿੰਘ ਨੂੰ ਮੁੜ ਦੀਵਾਨ ਦਾ ਮੈਂਬਰ ਬਣਾਉਣ ਦਾ ਮਤਾ ਪਾਸ ਕੀਤਾ ਜਾਵੇ। ਕਾਬਜ਼ ਧਿਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਦਲੀਲ ਦਿੱਤੀ ਕਿ ਅੱਜ ਦੀ ਮੀਟਿੰਗ ਇੱਕ ਨੁਕਾਤੀ ਏਜੰਡੇ ’ਤੇ ਹੈ ਅਤੇ ਇਹ ਮਾਮਲਾ ਮੁੜ ਮੀਟਿੰਗ ਸੱਦ ਕੇ ਵਿਚਾਰਿਆ ਜਾਵੇਗਾ। ਦੂਜੀ ਧਿਰ ਦੇ ਬਜ਼ਿੱਦ ਹੋਣ ਕਾਰਨ ਰੌਲਾ-ਰੱਪਾ ਪਿਆ ਅਤੇ ਮਗਰੋਂ ਦੂਜੀ ਵਾਰ ਅਨੰਦ ਸਾਹਿਬ ਦਾ ਪਾਠ ਸ਼ੁਰੂ ਕੀਤਾ ਗਿਆ।