ਨਵੀਂ ਦਿੱਲੀ, 2 ਜਨਵਰੀ
ਕੇਂਦਰ ਸਰਕਾਰ ਨੇ ਅੱਜ ਸਪਸ਼ਟ ਕੀਤਾ ਹੈ ਕਿ ਕਰੋਨਾ ਆਰਟੀ-ਪੀਸੀਆਰ ਨੈਗੇਟਿਵ ਟੈਸਟ ਰਿਪੋਰਟਾਂ ਨਾ ਸਿਰਫ਼ ਚੀਨ, ਜਾਪਾਨ, ਹਾਂਗਕਾਂਗ, ਸਿੰਗਾਪੁਰ, ਥਾਈਲੈਂਡ ਅਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਹਨ, ਸਗੋਂ ਹੋਰ ਦੇਸ਼ਾਂ ਤੋਂ ਇਨ੍ਹਾਂ ਦੇਸ਼ਾਂ ਰਾਹੀਂ ਆਉਣ ਵਾਲੀਆਂ ਉਡਾਣਾਂ ਦੇ ਯਾਤਰੀਆਂ ਲਈ ਵੀ ਲਾਜ਼ਮੀ ਹਨ। ਇਸ ਸਬੰਧੀ ਸਿਹਤ ਮੰਤਰਾਲੇ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ। ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਲਵ ਅਗਰਵਾਲ ਨੇ ਸਕੱਤਰ ਰਾਜੀਵ ਬਾਂਸਲ ਨੂੰ ਪੱਤਰ ਲਿਖ ਕੇ ਸਪਸ਼ਟ ਕੀਤਾ ਹੈ ਕਿ ਉਪਰੋਕਤ ਉੱਚ-ਜ਼ੋਖਮ ਵਾਲੇ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੀ ਯਾਤਰਾ ਤੋਂ 72 ਘੰਟੇ ਪਹਿਲਾਂ ਕਰੋਨਾ ਦੀ ਆਰਟੀ-ਪੀਸੀਆਰ ਰਿਪੋਰਟ ਏਅਰ ਸੁਵਿਧਾ ਪੋਰਟਲ ’ਤੇ ਅਪਲੋਡ ਕਰਨੀ ਪਵੇਗੀ ਭਾਵੇਂ ਉਹ ਯਾਤਰੀ ਕਿਸੇ ਹੋਰ ਦੇਸ਼ਾਂ ਨਾਲ ਸਬੰਧਤ ਹੋਣ ਅਤੇ ਉਨ੍ਹਾਂ ਨੇ ਯਾਤਰਾ ਕਿਸੇ ਹੋਰ ਥਾਂ ਲਈ ਕਰਨੀ ਹੋਵੇ। ਸਿਹਤ ਮੰਤਰਾਲੇ ਵਲੋਂ ਦੱਸਿਆ ਗਿਆ ਕਿ ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਵਿਚੋਂ ਦੋ ਫੀਸਦੀ ਦੇ ਕਰੋਨਾ ਟੈਸਟ ਪਹਿਲਾਂ ਵਾਂਗ ਜਾਰੀ ਰਹਿਣਗੇ। ਮੰਤਰਾਲੇ ਨੇ ਦੱਸਿਆ ਕਿ ਚੀਨ, ਹਾਂਗਕਾਂਗ, ਸਿੰਗਾਪੁਰ, ਦੱਖਣੀ ਕੋਰੀਆ, ਥਾਈਲੈਂਡ ਤੇ ਜਾਪਾਨ ਵਿਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਜਿਸ ਕਰ ਕੇ ਕਰੋਨਾ ਤੋਂ ਸਾਵਧਾਨੀ ਲਈ ਦਿਸ਼ਾ ਨਿਰਦੇਸ਼ ਸੋਧ ਕੇ ਜਾਰੀ ਕੀਤੇ ਗਏ ਹਨ।