ਮੁੰਬਈ,
ਦੋ ਵਾਰ ਦੇ ਓਲੰਪੀਅਨ ਲਿਨ ਡੈਨ ਦਾ ਮੰਨਣਾ ਹੈ ਕਿ ਭਾਰਤੀ ਬੈਡਮਿੰਟਨ ਨੇ ਭਾਵੇਂ ਹਾਲੀਆ ਸਮੇਂ ’ਚ ਕਾਫ਼ੀ ਤਰੱਕੀ ਕੀਤੀ ਹੈ, ਪਰ ਅਗਲੇ ਕੁਝ ਸਾਲਾਂ ’ਚ ਚੀਨ ਵਾਪਸੀ ਕਰਦਿਆਂ ਇਸ ਖੇਡ ’ਚ ਮੁੜ ਆਪਣਾ ਦਬਦਬਾ ਬਣਾਏਗਾ। ਸ੍ਰੀਕਾਂਤ ਨੇ ਪਿੱਛੇ ਜਿਹੇ ਕਿਹਾ ਸੀ ਕਿ ਬੈਡਮਿੰਟਨ ’ਚ ਚੀਨ ਦੇ ਦਬਦਬੇ ਦੇ ਦਿਨ ਲੰਘ ਗਏ ਹਨ। ਲਿਨ ਡੈਨ ਨੇ ਕਿਹਾ,‘ਭਾਰਤ ਕੋਲ ਸਾਇਨਾ ਤੇ ਸ੍ਰੀਕਾਂਤ ਜਿਹੇ ਖਿਡਾਰੀ ਹਨ, ਜਿਨ੍ਹਾਂ ਆਪਣੀ ਖੇਡ ’ਚ ਸੁਧਾਰ ਕਰਦਿਆਂ ਇਸ ਪਾਸੇ ਕਾਫੀ ਤਰੱਕੀ ਕੀਤੀ ਹੈ। ਨੌਜਵਾਨ ਖਿਡਾਰੀ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ।’ ਸੁਪਰ ਡੈਨ ਦੇ ਨਾਂ ਨਾਲ ਮਕਬੂਲ ਇਸ ਸ਼ਟਲਰ ਦਾ ਮੰਨਣਾ ਹੈ ਕਿ ਚੀਨ ਜਲਦੀ ਹੀ ਵਾਪਸੀ ਕਰਦਿਆਂ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗਾ।
ਖੇਡ ਵਿੱਚ ਚੀਨ ਦਾ ਦਬਦਬਾ ਘਟਣ ਬਾਰੇ ਪੁੱਛੇ ਜਾਣ ’ਤੇ ਡੈਨ ਨੇ ਕਿਹਾ,‘ਫਿਲਹਾਲ ਚੀਨ ਵਿੱਚ ਬੈਡਮਿੰਟਨ ਨਾਲ ਜੁੜਨ ਵਾਲੇ ਲੋਕਾਂ ’ਚੋਂ ਵੱਡੀ ਗਿਣਤੀ ਨੌਜਵਾਨਾਂ ਦੀ ਹੈ। ਸਕੂਲਾਂ ’ਚ ਸਮੂਹ ਬਣੇ ਹਨ। ਅੱਜ ਨਹੀਂ ਤਾਂ ਕੱਲ੍ਹ ਅਸੀਂ ਵਾਪਸੀ ਕਰਾਂਗੇ।’ ਪੁਰਸ਼ ਸਿੰਗਲਜ਼ ਵਿੱਚ ਹੁਣ ਵਧੇਰੇ ਵੰਨ ਸੁਵੰਨਤਾ ਹੋਣ ਬਾਰੇ ਪੁੱਛਣ ’ਤੇ ਡੈਨ ਨੇ ਕਿਹਾ,‘ਪਹਿਲੇ ਵੱਧ ਵੰਨ ਸੁਵੰਨਤਾ ਸੀ, ਪਰ ਹੁਣ ਇਸ ਵਿੱਚ ਹੋਰ ਇਜ਼ਾਫ਼ਾ ਹੋ ਰਿਹੈ।’ ਡੈਨਮਾਰਕ ਦੇ ਮਹਾਨ ਖਿਡਾਰੀ ਪੀਟਰ ਗੇਡ ਨੇ ਕਿਹਾ ਕਿ ਭਾਰਤ ਦੇ ਬੈਡਮਿੰਟਨ ਸ਼ਕਤੀ ਵਜੋਂ ਉਭਰਨ ਦੀ ਮੁੱਖ ਵਜ੍ਹਾ ਮੁਲਕ ਵਿੱਚ ਖੇਡ ਨੂੰ ਮਿਲਿਆ ਹੁਲਾਰਾ ਹੈ। ਗੇਡ ਨੇ ਕਿਹਾ,‘ਖੇਡ ਲਈ ਬੇਹੱਦ ਜ਼ਰੂਰੀ ਹੈ ਕਿ ਉਸ ਵਿੱਚ ਸੈਲੀਬ੍ਰਿਟੀ ਹੋਣ, ਅਜਿਹੇ ਲੋਕ ਜੋ ਸਿਖਰਲੇ ਪੱਧਰ ’ਤੇ ਪ੍ਰਦਰਸ਼ਨ ਕਰ ਰਹੇ ਹੋਣ ਤੇ ਨਾਲ ਹੀ ਹੋਰਨਾਂ ਲੋਕਾਂ ਨੂੰ ਵੀ ਉਨ੍ਹਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ।’ ਗੇਡ ਨੇ ਕਿਹਾ,‘ਭਾਰਤ ਵਿੱਚ ਲੋਕ ਇਥੇ ਬੈਠੇ ਮਹਾਨ ਖਿਡਾਰੀਆਂ ਬਾਰੇ ਕਾਫ਼ੀ ਕੁਝ ਜਾਣਦੇ ਹਨ। ਇਹ ਬਹੁਤ ਵਧੀਆ ਸਮੀਕਰਨ ਹੈ।’ ਗੇਡ ਦਾ ਮੰਨਣਾ ਹੈ ਕਿ ਸਿੰਧੂ ਜਾਂ ਸ੍ਰੀਕਾਂਤ ਆਪੋ ਆਪਣੇ ਵਰਗ ’ਚ ਆਲ ਇੰਡੀਆ ਖ਼ਿਤਾਬ ਜਿੱਤਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਏਸ਼ੀਆ ਅਜੇ ਵੀ ਬੈਡਮਿੰਟਨ ਦੀ ਦੁਨੀਆ ਦਾ ਕੇਂਦਰ ਹੈ।