ਨਵੀਂ ਦਿੱਲੀ, 6 ਜਨਵਰੀ

ਭਾਰਤ ਸਰਕਾਰ ਨੇ ਵੀਰਵਾਰ ਨੂੰ ਕਿਹਾ ਹੈ ਕਿ ਚੀਨ ਵੱਲੋਂ ਪੂਰਬੀ ਲੱਦਾਖ ਦੀ ਪੈਂਗਗੋਂਗ ਝੀਲ ਨੇੜੇ ਪੁਲ ਦੀ ਉਸਾਰੀ ਉਸ ਜ਼ਮੀਨ ’ਤੇ ਕੀਤੀ ਜਾ ਰਹੀ ਹੈ ਜੋ ਕਿ ਅਣਅਧਿਕਾਰਤ ਤੌਰ ’ਤੇ ਚੀਨ ਦੇ ਕਬਜ਼ੇ ਵਿੱਚ ਪਿਛਲੇ 60 ਸਾਲਾਂ ਤੋਂ ਹੈ। ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਮੁੱਦੇ ’ਤੇ ਵੀ ਚੀਨ ਦੀ ਨੁਕਤਾਚੀਨੀ ਕੀਤੀ ਕਿ ਇਸ ਗੁਆਂਢੀ ਦੇਸ਼ ਵੱਲੋਂ ਅਰੁਣਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ਦੇ ਨਾਂ ਬਦਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੀਨ ਦੀ ਇਹ ਕਾਰਵਾਈ ਪ੍ਰਵਾਨਯੋਗ ਨਹੀਂ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪੂਰਬੀ ਲੱਦਾਖ ਵਿੱਚ ਵਿਵਾਦ ਵਾਲੇ ਮੁੱਦਿਆਂ ’ਤੇ ਚੀਨ ਨੂੰ ਭਾਰਤ ਨਾਲ ਗੱਲਬਾਤ ਕਰ ਕੇ ਮਸਲੇ ਸੁਲਝਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚੀਨ ਵੱਲੋਂ ਪੈਂਗਗੋਂਗ ਝੀਲ ਨੇੜੇ ਉਸਾਰੇ ਜਾ ਰਹੇ ਪੁਲ ਸਬੰਧੀ ਗਤੀਵਿਧੀਆਂ ’ਤੇ ਭਾਰਤ ਸਰਕਾਰ ਨੇ ਨਜ਼ਰ ਰੱਖੀ ਹੋਈ ਹੈ।