ਨਵੀਂ ਦਿੱਲੀ, 31 ਦਸੰਬਰ

ਚੀਨ ਦੀ ਸਰਕਾਰ ਵੱਲੋਂ ਅਰੁਣਾਚਲ ਪ੍ਰਦੇਸ਼ ਦੇ 15 ਸਥਾਨਾਂ ਦੇ ਨਾਂ ਬਦਲਣ ਤੋਂ ਬਾਅਦ ਕਾਂਗਰਸ ਨੇ ਅੱਜ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ‘ਭਾਰਤੀ ਖੇਤਰ ਦੀ ਜ਼ਮੀਨ ਹੜੱਪਣ ਲਈ ਚੀਨ ਦਾ ਨਾਂ ਲੈਣ ਤੋਂ ਪਿੱਛੇ ਹਟਣ’ ਦੀ ਆਲੋਚਨਾ ਕੀਤੀ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, ‘ਚੀਨ ਅਰੁਣਾਚਲ ਪ੍ਰਦੇਸ਼ ਵਿੱਚ 15 ਸਥਾਨਾਂ ਦਾ ‘ਨਾਮ ਬਦਲ’ ਰਿਹਾ ਹੈ। ਸੈਟੇਲਾਈਟ ਤਸਵੀਰਾਂ ਵਿੱਚ ਹਾਲ ਹੀ ਵਿੱਚ ਦਿਖਾਇਆ ਗਿਆ ਸੀ ਕਿ ਚੀਨ ਨੇ ਸਾਡੇ ਖੇਤਰ ਵਿੱਚ ਦੋ ਪਿੰਡ ਵੀ ਬਣਾਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜਿੰਗ ਜਨਤਾ ਪਾਰਟੀ ਦੇ ਨੇਤਾ ਚੀਨ ਦਾ ਨਾਮ ਲੈਣ ਤੋਂ ਸ਼ਰਮਾ ਰਹੇ ਹਨ। ਉਹ ਚੀਨ ਦੁਆਰਾ ਭਾਰਤੀ ਜ਼ਮੀਨ ਹੜੱਪਣ ਤੋਂ ਇਨਕਾਰ ਕਰਦੇ ਹਨ। ਇਹ ਪ੍ਰਤੀਕਿਰਿਆ ਉਦੋਂ ਆਈ ਹੈ ਜਦੋਂ ਚੀਨ ਨੇ ਆਪਣੇ ਨਵੇਂ ਸਰਹੱਦੀ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਚੀਨੀ ਸਰਕਾਰ ਨੇ ਆਪਣੇ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼ ਦੀਆਂ 15 ਥਾਵਾਂ ਦਾ ਨਾਮ ਬਦਲ ਦਿੱਤਾ। ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ 15 ਸਥਾਨਾਂ ਦੇ ਨਾਮ ਬਦਲੇ ਹਨ, ਜਿਨ੍ਹਾਂ ਦੀ ਵਰਤੋਂ ਚੀਨੀ ਨਕਸ਼ਿਆਂ ‘ਤੇ ਕੀਤੀ ਜਾਵੇਗੀ। ਇਹ ਦੂਜੀ ਵਾਰ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦਾ ਨਾਂ ਬਦਲਿਆ ਹੈ। 2017 ਵਿੱਚ ਚੀਨ ਨੇ ਛੇ ਥਾਵਾਂ ਦੇ ਨਾਂ ਬਦਲ ਦਿੱਤੇ ਸਨ।