ਪੇਈਚਿੰਗ: ‘ਅਲ ਜਜ਼ੀਰਾ’ ਦੀ ਇਕ ਰਿਪੋਰਟ ਮੁਤਾਬਕ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਤਿੰਨ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਜਨਤਕ ਤੌਰ ’ਤੇ ਨਹੀਂ ਦੇਖੇ ਗਏ ਹਨ। ਜਦਕਿ ਕੂਟਨੀਤਕ ਪੱਧਰ ’ਤੇ ਇਸ ਸਮੇਂ ਦੌਰਾਨ ਉਨ੍ਹਾਂ ਦੀ ਕਈ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਹੋਣੀ ਸੀ। ਗੈਂਗ ਦੇ ਕਈ ਦਿਨਾਂ ਤੋਂ ਨਾ ਦਿਖਣ ਕਾਰਨ ਵੱਡੇ ਪੱਧਰ ਉਤੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਤੇ ਚੀਨ ਵਿਚ ਪਾਰਦਰਸ਼ਤਾ ਦੀ ਘਾਟ ’ਤੇ ਵੀ ਸਵਾਲ ਉੱਠ ਰਹੇ ਹਨ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਕਾਰਜਸ਼ੈਲੀ ਵੀ ਸਵਾਲਾਂ ਦੇ ਘੇਰੇ ਵਿਚ ਹੈ। ਜ਼ਿਕਰਯੋਗ ਹੈ ਕਿ 25 ਜੂਨ ਨੂੰ ਕਿਨ ਗੈਂਗ ਨੇ ਰੂਸ, ਵੀਅਤਨਾਮ ਤੇ ਸ੍ਰੀਲੰਕਾ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ, ਪਰ ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਏ। ਦੱਸਣਯੋਗ ਹੈ ਕਿ 4 ਜੁਲਾਈ ਨੂੰ ਕਿਨ ਨੇ ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੈੱਲ ਨਾਲ ਮੁਲਾਕਾਤ ਕਰਨੀ ਸੀ। ਪਰ ਯੂਰਪੀ ਯੂਨੀਅਨ ਦੇ ਅਧਿਕਾਰੀਆਂ ਮੁਤਾਬਕ ਚੀਨ ਨੇ ਕੋਈ ਕਾਰਨ ਦਿੱਤਿਆਂ ਇਹ ਮੁਲਾਕਾਤ ਰੱਦ ਕਰ ਦਿੱਤੀ। ਚੀਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਕਿਨ ‘ਸਿਹਤ ਠੀਕ ਨਾ ਹੋਣ ਕਾਰਨ’ ਗੈਰਹਾਜ਼ਰ ਰਹੇ ਹਨ। ਪਰ ਸਰਕਾਰੀ ਰਿਕਾਰਡ ਵਿਚ ਅਜਿਹਾ ਕੋਈ ਵੀ ਕਾਰਨ ਨਹੀਂ ਦਰਜ ਕੀਤਾ ਗਿਆ ਹੈ।