ਪੇਈਚਿੰਗ, 8 ਜਨਵਰੀ
ਚੀਨ ਸਰਕਾਰ ਨੇ ਵੁਲੋਂਗ ਜ਼ਿਲ੍ਹੇ ਦੇ ਇਕ ਸਬ-ਜ਼ਿਲ੍ਹਾ ਦਫਤਰ ਦੀ ਕੰਟੀਨ ਵਿੱਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਦੀ ਜਾਂਚ ਬਾਰੇ ਸ਼ਨਿਚਰਵਾਰ ਨੂੰ ਹੁਕਮ ਜਾਰੀ ਕੀਤੇ ਹਨ। ਇਸ ਧਮਾਕੇ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਜਣੇ ਜ਼ਖ਼ਮੀ ਹਨ। ਜਿਸ ਵੇਲੇ ਧਮਾਕਾ ਹੋਇਆ ਉਸ ਸਮੇਂ ਲੋਕ ਕੰਟੀਨ ਵਿੱਚ ਖਾਣਾ ਖਾ ਰਹੇ ਸਨ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਜਿਸ ਕਾਰਨ ਕੰਟੀਨ ਦੀ ਇਮਾਰਤ ਢਹਿ ਗਈ ਤੇ 26 ਲੋਕ ਇਸ ਇਮਾਰਤ ਹੇਠ ਫਸ ਗਏ। ਇਨ੍ਹਾਂ ਵਿੱਚੋਂ 16 ਜਣਿਆਂ ਦੀ ਮੌਤ ਹੋ ਗਈ ਤੇ 10 ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਸ਼ੁੱਕਰਵਾਰ ਰਾਤ ਤੱਕ ਇਮਾਰਤ ਹੇਠੋਂ ਕੱਢ ਲਿਆ ਗਿਆ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।