ਨਵੀਂ ਦਿੱਲੀ/ਲੇਹ, 2 ਅਕਤੂਬਰ
ਲੇਹ ਵਿਚ ਅੱਜ ਭਾਰਤੀ ਫ਼ੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਤੋਂ ਫ਼ੌਜਾਂ ਪਿੱਛੇ ਹਟਾਉਣ ਬਾਰੇ ਫ਼ੌਜੀ ਪੱਧਰ ਦੀ 13ਵੇਂ ਗੇੜ ਦੀ ਗੱਲਬਾਤ ਅਕਤੂਬਰ ਦੇ ਅੱਧ ਵਿਚ ਹੋ ਰਹੀ ਹੈ। ਦੋ ਦਿਨਾਂ ਲੱਦਾਖ ਦੌਰੇ ’ਤੇ ਆਏ ਹੋਏ ਥਲ ਸੈਨਾ ਮੁਖੀ ਨੇ ਇਸ ਦੌਰਾਨ ਲੱਦਾਖ ਵਿਚ ਮੂਹਰਲੀਆਂ ਸਰਹੱਦੀ ਚੌਕੀਆਂ ਦਾ ਦੌਰਾ ਕੀਤਾ ਅਤੇ ਸਰਦੀਆਂ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਵੱਡੀ ਪੱਧਰ ਉੱਤੇ ਕੀਤੀ ਗਈ ਤਾਇਨਾਤੀ ਚਿੰਤਾ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫ਼ੌਜਾਂ ਨੂੰ ਪਿੱਛੇ ਹਟਾਉਣ ਦੀ ਕਾਰਵਾਈ ਗੱਲਬਾਤ ਰਾਹੀਂ ਹੀ ਸਿਰੇ ਚੜ੍ਹੇਗੀ।