ਬਠਿੰਡਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਓਨਾ ਨਹੀਂ ਹੈ, ਜਿੰਨਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ’ਚ ਚਿੱਟੀ ਮੱਖੀ ਦੇ ਹਮਲੇ ਦੀ ਗੱਲ ਵੀ ਕਬੂਲੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਇਸ ਦਾ ਨਿਰੀਖਣ ਕਰ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁ਼ਦ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਡੇਰਾ ਸਿਰਸਾ ਮੁਖੀ ਦੇ ਮਾਮਲੇ ‘ਚ ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਸਰਕਾਰ ਨੇ ਸੁਰੱਖਿਆ ਇੰਤਜ਼ਾਮ ਪੂਰੇ ਕੀਤੇ ਹੋਏ ਹਨ। ਇਸ ਤੋਂ ਪਹਿਲਾਂ ਸ੍ਰੀ ਬਾਦਲ ਅੱਜ ਰਾਜੀਵ ਗਾਂਧੀ ਭਲਾਈ ਮੰਚ ਦੇ ਪ੍ਰਧਾਨ ਸੱਤਪਾਲ ਭਟੇਜਾ ਦੀ ਪ੍ਰਧਾਨਗੀ ਹੇਠ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਸਬੰਧੀ ਕਰਾਏ ਸਮਾਗਮ ਵਿੱਚ ਪੁੱਜੇ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੀ ਹਰ ਵਰਗ ਨੂੰ ਨਾਲ ਲੈ ਕੇ ਅੱਗੇ ਵੱਧਣ ਦੀ ਸੋਚ ਸੀ। ਉਨ੍ਹਾਂ ਨੇ ਕੰਪਿਊਟਰ ਯੁੱਗ ਸ਼ੁਰੂਆਤ ਕੀਤੀ ਸੀ।