ਜਤਿੰਦਰ ਮੋਹਨ
ਸੁੰਦਰ ਸਿੰਘ ਦਾ ਘਰ ਟੋਭੇ ਕੋਲ ਸੀ। ਗ਼ਰੀਬ ਹੋਣ ਕਾਰਨ ਉਸ ਦਾ ਘਰ ਕੱਚਾ ਸੀ। ਉਸ ਦੇ ਘਰ ਦੀਆਂ ਛੱਤਾਂ ਸਿਰਕੀ ਦੀਆਂ ਸਨ। ਇਸ ਘਰ ਦਾ ਵਿਹੜਾ ਕਾਫ਼ੀ ਲੰਬਾ ਸੀ, ਉੱਥੇ ਕਈ ਪ੍ਰਕਾਰ ਦੇ ਦਰੱਖਤ ਲੱਗੇ ਹੋਏ ਸਨ। ਬਹੁਤੇ ਦਰੱਖਤ ਫ਼ਲਦਾਰ ਸਨ। ਇਨ੍ਹਾਂ ਦਰੱਖਤਾਂ ’ਤੇ ਬਹੁਤ ਸਾਰੇ ਪੰਛੀ ਰਹਿੰਦੇ। ਇਸ ਘਰ ਵਿੱਚ ਰਹਿੰਦੀ ਇੱਕ ਚੂਹੀ ਦੀ ਦੋਸਤੀ ਚਿੜੀ ਨਾਲ ਹੋਣ ਕਾਰਨ ਕਈ ਵਾਰ ਚਿੜੀ ਦੂਰੋਂ ਪਾਰੋਂ ਨਵੇਂ ਖਾਣੇ ਉਸ ਲਈ ਲਿਆਉਂਦੀ। ਉੱਥੇ ਚੂਹੀ ਵੀ ਉਸ ਦੀ ਔਖੇ ਵੇਲੇ ਮਦਦ ਕਰਦੀ। ਕਈ ਵਾਰ ਮੀਂਹ ਪੈਣ ਕਾਰਨ ਜਦੋਂ ਅਨਾਜ ਦੀ ਥੁੜ੍ਹ ਪੈ ਜਾਂਦੀ ਤਾਂ ਚੂਹੀ ਆਪਣੀ ਖੁੱਡ ਵਿੱਚ ਜਮ੍ਹਾਂ ਕੀਤੇ ਦਾਣੇ ਉਸ ਨੂੰ ਲਿਆ ਕੇ ਦਿੰਦੀ। ਦੋਹਾਂ ਦੀ ਦੋਸਤੀ ਦੀ ਚਰਚਾ ਚਾਰੇ ਪਾਸੇ ਸੀ।
ਗਰਮੀ ਜ਼ਿਆਦਾ ਪੈਣ ਕਾਰਨ ਲੋਕ ਮੀਂਹ ਪਵਾਉਣ ਲਈ ਇੰਦਰ ਦੇਵਤਾ ਦੇ ਯੱਗ ਕਰ ਰਹੇ ਸਨ। ਕਿਧਰੇ-ਕਿਧਰੇ ਛਬੀਲਾਂ ਤੇ ਠੰਢਾ ਮਿੱਠਾ ਪਾਣੀ ਵਰਤਾਇਆ ਜਾਣ ਲੱਗਾ। ਇੱਕ ਦਿਨ, ਦਿਨ ਵੇਲੇ ਹੀ ਕਾਲੀ ਬੋਲੀ ਹਨੇਰੀ ਆਈ। ਉਸ ਨੇ ਬਹੁਤ ਸਾਰੇ ਦਰੱਖਤ ਤੋੜ ਦਿੱਤੇ। ਹਨੇਰੀ ਤੋਂ ਬਾਅਦ ਭਾਰੀ ਮੀਂਹ ਪਿਆ। ਬਹੁਤ ਸਾਰੇ ਪੰਛੀ ਬੇਘਰ ਹੋ ਗਏ। ਇਸ ਬਿਪਤਾ ਵਿੱਚ ਚਿੜੀ ਵਿਚਾਰੀ ਕਿੱਥੋਂ ਬਚਦੀ। ਉਸ ਦਾ ਵੀ ਘਰ ਉੱਜੜ ਗਿਆ। ਮੀਂਹ ਰੁਕਣ ’ਤੇ ਕੁਝ ਸ਼ਾਂਤੀ ਆਈ। ਚਿੜੀ ਸੁੰਦਰ ਦੇ ਖਾਲੀ ਪਏ ਬਰਾਂਡੇ ਵਿੱਚ ਆ ਗਈ ਤੇ ਚੂਹੀ ਨੂੰ ਵੀ ਉਸ ਦੇ ਆਉਣ ਦਾ ਪਤਾ ਲੱਗ ਗਿਆ ਤੇ ਉਹ ਉਸ ਕੋਲ ਆਈ ਤੇ ਪੁੱਛਿਆ;
‘‘ਭੈਣੇ ਕੀ ਹਾਲ ਐ ?’’
‘‘ਹਾਲ ਤਾਂ ਭੈਣੇ ਤੈਨੂੰ ਦਿਸਦਾ ਈ ਐ।’’
‘‘ਹਾਂ! ਇਹ ਤਾਂ ਹੈ ਈ, ਪਰ ਇਹਦੇ ’ਚ ਕਸੂਰ ਤਾਂ ਕਿਸੇ ਦਾ ਨਹੀਂ। ਇਹ ਤਾਂ ਕੁਦਰਤ ਦੀ ਕਰੋਪੀ ਐ।’’
‘‘ਹਾਂ, ਕਸੂਰ ਤਾਂ ਕਿਸੇ ਦਾ ਨਹੀਂ।’’
‘‘ਖਾਣਾ ਲਿਆਵਾਂ?’’
‘‘ਭੈਣੇ ਮੇਰਾ ਤਾਂ ਚਿੱਤ ਖਰਾਬ ਹੋਇਆ ਪਿਐ। ਸਾਰਾ ਘਰ ਉੱਜੜ ਗਿਆ। ਮਸਾਂ ਮਸਾਂ ਆਲ੍ਹਣਾ ਪਾਇਆ ਸੀ। ਹੁਣ ਘਰ ਬੰਨ੍ਹਣਾ ਕਿਹੜਾ ਸੌਖੈ।’’
‘‘ਕੋਈ ਨਹੀਂ ਤੂੰ ਭੁੱਖੀ ਹੈਂ ਖਾਣਾ ਖਾ।’’
ਚੂਹੀ ਆਪਣੀ ਖੁੱਡ ਵਿੱਚੋਂ ਜਮ੍ਹਾਂ ਕੀਤੇ ਦਾਣੇ ਲੈਣ ਚਲੀ ਗਈ। ਚਿੜੀ ਮਨ ਹੀ ਮਨ ਸੋਚ ਰਹੀ ਸੀ ਕਿ ਇਹ ਚੂਹੀ ਕਿੰਨੀ ਨੇਕ ਹੈ, ਜਿਸ ਨੂੰ ਮੇਰੀ ਚਿੰਤਾ ਹੈ। ਅੱਜਕੱਲ੍ਹ ਦੇ ਜ਼ਮਾਨੇ ਵਿੱਚ ਤਾਂ ਕੋਈ ਰਿਸ਼ਤੇਦਾਰ ਵੀ ਕਿਸੇ ਦੀ ਬਿਪਤਾ ਵੇਲੇ ਮਦਦ ਨਹੀਂ ਕਰਦਾ। ਉਸ ਨੂੰ ਇਨਸਾਨਾਂ ਦੀ ਯਾਦ ਆਈ ਜਿਨ੍ਹਾਂ ਵਿੱਚ ਇਨਸਾਨੀਅਤ ਬਿਲਕੁਲ ਖ਼ਤਮ ਹੋ ਚੁੱਕੀ ਹੈ। ਚਿੜੀ ਹਰ ਰੋਜ਼ ਕਿਸੇ ਨਾ ਕਿਸੇ ਘਰ ਜਾਂਦੀ ਤੇ ਘਰ ਦੇ ਲੋਕਾਂ ਦੀਆਂ ਗੱਲਾਂ ਸੁਣਦੀ, ਉਸ ਨੂੰ ਯਾਦ ਹੈ ਕਿ ਕਿਵੇਂ ਇਨਸਾਨ ਹਰ ਰੋਜ਼ ਖ਼ਤਮ ਹੋ ਰਹੀ ਇਨਸਾਨੀਅਤ ਦੀਆਂ ਗੱਲਾਂ ਕਰਦੇ ਹਨ। ਉਹ ਆਪਣੇ ਸੋਚ ਵਿਚਾਰਾਂ ਵਿੱਚ ਇੰਨੀ ਡੁੱਬ ਗਈ ਕਿ ਉਸ ਨੂੰ ਚੂਹੀ ਦੇ ਆਉਣ ਦਾ ਪਤਾ ਹੀ ਨਾ ਲੱਗਾ। ਚੂਹੀ ਕੋਲ ਇੱਕ ਲਿਫ਼ਾਫ਼ੇ ਵਿੱਚ ਕੁਝ ਦਾਣੇ ਪਾਏ ਹੋਏ ਸਨ ਜਿਨ੍ਹਾਂ ਨੂੰ ਧੂੰਹਦੀ ਹੋਈ ਉਹ ਉਸ ਕੋਲ ਆ ਗਈ ਅਤੇ ਕਿਹਾ,
‘‘ਲੈ ਭੈਣੇ ਕਣਕ ਦੇ ਦਾਣੇ ਖਾ ਲੈ।’’ ਚਿੜੀ ਉਸ ਕੋਲ ਆ ਕੇ ਦਾਣੇ ਖਾਣ ਲੱਗੀ।
‘‘ਭੈਣੇ ਜੇ ਤੂੰ ਮੇਰੀ ਮੰਨੇ ਤਾਂ ਆਹ ਕਮਰਾ ਖਾਲੀ ਹੈ, ਤੂੰ ਇੱਥੇ ਰਹਿ, ਜਿੰਨੇ ਦਿਨ ਤੇਰਾ ਆਲ੍ਹਣਾ ਨਹੀਂ ਬਣਦਾ।’’
‘‘ਹਾਂ! ਗੱਲ ਤਾਂ ਤੇਰੀ ਠੀਕ ਹੈ ਭੈਣੇ ਪਰ…।’’
‘‘ਪਰ ਕੀ?’’
‘‘ਪਰ ਰਾਤ ਨੂੰ ਜਦੋਂ ਮੈਂ ਸੌਂ ਜਾਵਾਂਗੀ ਤਾਂ ਕਿਸੇ ਵੇਲੇ ਵੀ ਬਿੱਲੀ ਆ ਕੇ ਮੈਨੂੰ ਖਾ ਸਕਦੀ ਹੈ।’’
‘‘ਹਾਂ! ਭੈਣੇ ਗੱਲ ਤਾਂ ਤੇਰੀ ਠੀਕ ਐ। ਬਿੱਲੀ ਤਾਂ ਰਾਤ ਨੂੰ ਪੱਕਾ ਆਉਂਦੀ ਐ। ਕਈ ਵਾਰ ਮੈਂ ਵੀ ਜੇ ਗਰਮੀ ਜ਼ਿਆਦਾ ਲੱਗੇ ਤਾਂ ਖੁੱਡ ਵਿੱਚੋਂ ਬਾਹਰ ਆ ਜਾਂਦੀ ਹਾਂ, ਪਰ ਮੈਂ ਬਾਹਰ ਸੌਂਦੀ ਨਹੀਂ।’’
‘‘ਚੱਲ ਅੱਜ ਦੀ ਰਾਤ ਬਹਿਕੇ ਕੱਟ ਲੂੰ। ਕੱਲ੍ਹ ਨੂੰ ਰੱਬ ਭਲੀ ਕਰੂ।’’
‘‘ਨਹੀਂ ਤਾਂ ਭੈਣੇ ਤੂੰ ਮੇਰੇ ਘਰ ਰਹਿ ਜੀ ਸਦਕੇ, ਪਰ ਖੁੱਡ ’ਚ ਤੂੰ ਰਹਿ ਨਹੀਂ ਸਕਦੀ।’’
‘‘ਭੈਣੇ ਤੇਰਾ ਧੰਨਵਾਦ। ਤੇਰੇ ਸ਼ਾਬਾਸ਼ੇ ਤੈਂ ਮੇਰੀ ਭੁੱਖ ਮਿਟਾਈ ਹੈ।’’
‘‘ਧੰਨਵਾਦ ਕਿਸ ਗੱਲ ਦਾ? ਆਪਾਂ ਸਹੇਲੀਆਂ ਨਹੀਂ।’’
ਕੁਝ ਚਿਰ ਰੁਕ ਕੇ ਚੂਹੀ ਬੋਲੀ ‘‘ਤੈਂ ਤਾਂ ਭੈਣੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਹੈ।’’
‘‘ਨਹੀਂ, ਭੈਣੇ ਸ਼ਰਮਿੰਦੇ ਵਾਲੀ ਗੱਲ ਨਹੀਂ।’’
ਸ਼ਾਮ ਪੈ ਗਈ। ਚਿੜੀ ਬਾਹਰ ਉੱਡ ਗਈ, ਇਹ ਦੇਖਣ ਲਈ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ। ਉਹ ਜਿੱਧਰ ਵੀ ਗਈ, ਉੱਧਰ ਥਾਂ ਥਾਂ ’ਤੇ ਦਰੱਖਤ ਟੁੱਟੇ ਹੋਏ ਸਨ। ਕਿਤੇ ਆਲ੍ਹਣੇ ਡਿੱਗੇ ਪਏ ਸਨ। ਛੋਟੇ ਬੱਚੇ ਵੀ ਕਈ ਥਾਵਾਂ ’ਤੇ ਰੁਲ ਰਹੇ ਸਨ। ਚਿੜੀ ਦਾ ਮਨ ਉਦਾਸ ਹੋ ਗਿਆ। ਉਹ ਵਾਪਸ ਉਸੇ ਕਮਰੇ ਵਿੱਚ ਆ ਗਈ। ਚਿੜੀ ਦੀ ਆਵਾਜ਼ ਸੁਣ ਕੇ ਚੂਹੀ ਵੀ ਬਾਹਰ ਆ ਗਈ। ‘‘ਕਿਉਂ ਕਿੰਨਾ ਕੁ ਨੁਕਸਾਨ ਹੋਇਐ?’’ ਚੂਹੀ ਨੇ ਪੁੱਛਿਆ।
‘‘ਬਸ ਪੁੱਛ ਈ ਨਾ। ਮੇਰਾ ਤਾਂ ਬਲੱਡ ਪ੍ਰੈੱਸ਼ਰ ਘਟ ਗਿਆ ਤਬਾਹੀ ਦੇਖ ਕੇ।’’
ਹਨੇਰਾ ਪੈਣ ਲੱਗਾ। ਚੂਹੀ ਸ਼ਾਮ ਦਾ ਖਾਣਾ ਖਾਣ ਚਲੀ ਗਈ। ਕੁਝ ਦੇਰ ਬਾਅਦ ਉਸ ਨੇ ਕੁੱਝ ਦਾਣੇ ਚਿੜੀ ਲਈ ਲਿਆਂਦੇ ਤਾਂ ਚਿੜੀ ਨੇ ਕਿਹਾ, ‘‘ਬਸ ਭੈਣੇ ਮੈਂ ਤਾਂ ਭੋਜਨ ਕਰ ਲਿਆ। ਸਾਡੀ ਪੰਛੀਆਂ ਦੀ ਆਦਤ ਹੈ, ਅਸੀਂ ਬਸ ਜ਼ਰੂਰਤ ਅਨੁਸਾਰ ਹੀ ਖਾਂਦੇ ਹਾਂ, ਤੇ ਜ਼ਰੂਰਤ ਅਨੁਸਾਰ ਹੀ ਚੁੱਕਦੇ ਹਾਂ।’’
‘‘ਤੇਰੀ ਮਰਜ਼ੀ ਐ ਭੈਣੇ।’’
‘‘ਧੰਨਵਾਦ ਭੈਣੇ।’’
‘‘ਅੱਜ ਸੌਣ ਦਾ ਕਿਵੇਂ ਕਰਨੈ?’’
‘‘ਬਸ ਇਸੇ ਤਰ੍ਹਾਂ ਹੀ ਬਿਨਾਂ ਸੁੱਤੇ ਰਾਤ ਕੱਟੀ ਜਾਊ।’’
‘‘ਨਹੀਂ ਤੂੰ ਇਸ ਤਰ੍ਹਾਂ ਕਰ…’’
‘‘ਕਿਵੇਂ?’’
‘‘ਤੂੰ ਸੌਂ ਜਾ, ਮੈਂ ਰਾਖੀ ਰੱਖੂੰ, ਜੇ ਖ਼ਤਰਾ ਹੋਇਆ ਤਾਂ ਮੈਂ ਤੈਨੂੰ ਆਵਾਜ਼ ਮਾਰੂੰ।’’
‘‘ਠੀਕ ਐ, ਪਰ ਤੂੰ ਕਿਵੇਂ ਸੌਂਵੇਂਗੀ?’’
‘‘ਮੇਰੀ ਚਿੰਤਾ ਨਾ ਕਰ।’’
ਚਿੜੀ ਸੌਂ ਗਈ। ਕੁਦਰਤ ਦੀ ਕਿਰਪਾ ਨਾਲ ਬਿੱਲੀ ਨਾ ਆਈ। ਦਿਨ ਚੜ੍ਹਨ ’ਤੇ ਚਿੜੀ ਚਲੀ ਗਈ ਤੇ ਚੂਹੀ ਆਪਣੀ ਖੁੱਡ ਵਿੱਚ ਜਾ ਕੇ ਸੌਂ ਗਈ।
ਅਗਲੇ ਦਿਨ ਦੋਵੇਂ ਜਦੋਂ ਇਕੱਠੀਆਂ ਹੋਈਆਂ ਤਾਂ ਚਿੜੀ ਕੋਲ ਇੱਕ ਅੰਗੂਰਾਂ ਦਾ ਛੋਟਾ ਜਿਹਾ ਗੁੱਛਾ ਸੀ। ਉਸ ਨੇ ਉਹ ਗੁੱਛਾ ਚੂਹੀ ਨੂੰ ਖਾਣ ਲਈ ਦਿੱਤਾ। ਉਹ ਖ਼ੁਸ਼ ਹੋ ਗਈ। ਚੂਹੀ ਨੇ ਚਿੜੀ ਨੂੰ ਆਪਣਾ ਆਲ੍ਹਣਾ ਬਣਾਉਣ ਦੀ ਸਲਾਹ ਦਿੱਤੀ ਤਾਂ ਉਹ ਬੋਲੀ ‘‘ਐਨਾ ਸਾਮਾਨ ਇਕਦਮ ਇਕੱਠਾ ਕਰਨਾ ਔਖੈ ਭੈਣੇ।’’
‘‘ਕੋਈ ਨਹੀਂ ਮੈਂ ਤੇਰੀ ਸਹਾਇਤਾ ਕਰੂੰ।’’
ਚਿੜੀ ਆਲ੍ਹਣਾ ਬਣਾਉਣ ਲਈ ਤਿਣਕੇ ਜਿਹੇ ਇਕੱਠੇ ਕਰਨ ਲੱਗ ਪਈ। ਚੂਹੀ ਆਪਣੇ ਕੰਮ ਲੱਗ ਗਈ। ਕੁਝ ਸਮੇਂ ਬਾਅਦ ਚਿੜੀ ਨੇ ਆਪਣੇ ਆਲ੍ਹਣੇ ਦੀ ਰੂਪ-ਰੇਖਾ ਤਿਆਰ ਕਰ ਲਈ। ਇੱਕ ਦੋ ਹੋਰ ਚਿੜੀਆਂ ਵੀ ਉਸ ਦੀ ਸਹਾਇਤਾ ਕਰਨ ਆ ਗਈਆਂ। ਚਿੜੀ ਨੇ ਚੂਹੀ ਨੂੰ ਆਵਾਜ਼ ਮਾਰੀ ਤਾਂ ਚੂਹੀ ਕਾਫ਼ੀ ਸਾਰੇ ਧਾਗਿਆਂ ਦਾ ਗੁੱਛਾ ਲੈ ਆਈ। ਇਹ ਚਿੜੀ ਦੇ ਆਲ੍ਹਣੇ ਲਈ ਕਾਫ਼ੀ ਸੀ। ਦੂਜੀਆਂ ਚਿੜੀਆਂ, ਉਸ ਵੱਲੋਂ ਦਿੱਤੀ ਸਹਾਇਤਾ ਤੋਂ ਹੈਰਾਨ ਸਨ। ਹੌਲੀ ਹੌਲੀ ਉਹ ਸਾਰਾ ਸਾਮਾਨ ਆਲ੍ਹਣੇ ਵਿੱਚ ਲੈ ਗਈਆਂ। ਆਲ੍ਹਣਾ ਤਿਆਰ ਹੋ ਗਿਆ। ਦੂਜੀਆਂ ਚਿੜੀਆਂ ਚਲੀਆਂ ਗਈਆਂ ਤਾਂ ਚਿੜੀ, ਚੂਹੀ ਦਾ ਧੰਨਵਾਦ ਕਰਨ ਲਈ ਚੂਹੀ ਕੋਲ ਆਈ। ਉਸ ਨੇ ਚੂਹੀ ਦਾ ਧੰਨਵਾਦ ਕਰਦਿਆਂ ਕਿਹਾ ‘‘ਭੈਣੇ ਸਹੇਲੀ ਹੋਵੇ ਤਾਂ ਤੇਰੇ ਵਰਗੀ,ਪਰ…।’’
‘‘ਧੰਨਵਾਦ ਤੇ ਪਰ…?’’
‘‘ਭੈਣੇ ਗੁੱਸਾ ਨਾ ਕਰੀਂ, ਮੈਂ ਤੈਨੂੰ ਉਨ੍ਹਾਂ ਦੇ (ਦੋਵੇਂ ਚਿੜੀਆਂ) ਸਾਹਮਣੇ ਕੁਝ ਨਹੀਂ ਕਿਹਾ।’’
‘‘ਗੱਲ ਤਾਂ ਦੱਸ ਮੇਰੀ ਸਹੇਲੀ।’’
‘‘ਗੱਲ ਇਹ ਹੈ ਬਈ ਸੁੰਦਰ ਵੀ ਗ਼ਰੀਬ ਆਦਮੀ ਹੈ ਤੇ ਤੈਨੂੰ ਮੇਰੇ ਪਿੱਛੇ ਉਸ ਗ਼ਰੀਬ ਆਦਮੀ ਦਾ ਗੱਦਾ ਨਹੀਂ ਸੀ ਟੁੱਕਣਾ ਚਾਹੀਦਾ।’’
ਚੂਹੀ ਨੂੰ ਆਪਣੇ ਕੀਤੇ ’ਤੇ ਸ਼ਰਮਿੰਦਗੀ ਮਹਿਸੂਸ ਹੋਈ, ਪਰ ਹੁਣ ਕੁਝ ਬਣ ਨਹੀਂ ਸਕਦਾ ਸੀ। ਉਸ ਨੇ ਕੇਵਲ ਸੌਰੀ ਕਹਿ ਕੇ ਪਛਤਾਵਾ ਕੀਤਾ। ਚਿੜੀ ਇਸ ਗੱਲੋਂ ਖ਼ੁਸ਼ ਸੀ ਕਿ ਉਸ ਦੀ ਸਹੇਲੀ ਬਿਨਾਂ ਗੁੱਸਾ ਕੀਤੇ ਸਮਝ ਗਈ ਹੈ।