ਪਟਿਆਲਾ: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ’ਤੇ ਆਧਾਰਿਤ ਕੇਸ ਦਾ ਸਾਹਮਣਾ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵੱਲੋਂ ਇਥੋਂ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ’ਚ ਦਾਇਰ ਕੀਤੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਗਈ। ਇਸ ਮਗਰੋਂ ਹੁਣ ਚਾਹਲ ਵੱਲੋਂ ਆਪਣੇ ਵਕੀਲਾਂ ਰਾਹੀਂ ਉਪਰਲੀ ਅਦਾਲਤ ਦਾ ਰੁਖ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਚਾਹਲ ਦੇ ਵਕੀਲਾਂ ਐਡਵੋਕੇਟ ਸੁਮੇਸ਼ ਜੈਨ ਤੇ ਐਡਵੋਕੇਟ ਅਵਨੀਤ ਸਿੰਘ ਬਲਿੰਗ ਦਾ ਕਹਿਣਾ ਕਿ ਉਨ੍ਹਾਂ ਦੇ ਮੁਵੱਕਲ ਦੇ ਖ਼ਿਲਾਫ਼ ਵਿਜੀਲੈਂਸ ਵੱਲੋਂ ਰਾਜਸੀ ਦਬਾਅ ਹੇਠ ਇਹ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ 2007 ਵਿਚ ਵੀ ਵਿਜੀਲੈਂਸ ਵੱਲੋਂ ਹੀ ਇਸੇ ਤਰ੍ਹਾਂ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਅਦਾਲਤੀ ਸੁਣਵਾਈ ਦੌਰਾਨ ਸ੍ਰੀ ਚਾਹਲ ਬਰੀ ਹੋ ਗਏ ਸਨ।