ਲਾਹੌਰ, 18 ਜੁਲਾਈ
ਪਾਕਿਸਾਤਨ ਦੀਆਂ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਪਿਆਰ ਹੀ ਉਹ ਇਕਮਾਤਰ ਕਾਰਨ ਹੈ ਜਿਸ ਕਰ ਕੇ ਚਾਰ ਬੱਚਿਆਂ ਦੀ ਮਾਂ ਇਕ ਹਿੰਦੂ ਵਿਅਕਤੀ ਨਾਲ ਰਹਿਣ ਵਾਸਤੇ ਭਾਰਤ ਪਹੁੰਚ ਗਈ। ਅੱਜ ਇਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਨੌਜਵਾਨ ਨਾਲ ਪਾਕਿਸਤਾਨੀ ਮਹਿਲਾ ਦੀ ਦੋਸਤੀ ਇਕ ਆਨਲਾਈਨ ਖੇਡ ਪਲੈਟਫਾਰਮ ਰਾਹੀਂ ਹੋਈ ਸੀ।
ਸਿੰਧ ਪ੍ਰਾਂਤ ਦੇ ਕਰਾਚੀ ਦੀ ਸੀਮਾ ਗ਼ੁਲਾਮ ਹੈਦਰ ਤੇ ਭਾਰਤ ਵਿੱਚ ਰਹਿਣ ਵਾਲਾ ਸਚਿਨ ਮੀਣਾ 2019 ਵਿੱਚ ਪਬਜੀ ਖੇਡਦੇ ਸਮੇਂ ਸੰਪਰਕ ਵਿੱਚ ਆਏ ਸਨ ਅਤੇ ਵੱਖ-ਵੱਖ ਦੇਸ਼ਾਂ ਵਿੱਚ 1300 ਕਿਲੋਮੀਟਰ ਤੋਂ ਵੱਧ ਦੂਰ ਰਹਿਣ ਵਾਲੇ ਇਨ੍ਹਾਂ ਦੋਹਾਂ ਵਿਚਾਲੇ ਇਕ ਪ੍ਰੇਮ ਕਹਾਣੀ ਸ਼ੁਰੂ ਹੋ ਗਈ।
ਉੱਤਰ ਪ੍ਰਦੇਸ਼ ਪੁਲੀਸ ਮੁਤਾਬਕ 30 ਸਾਲਾ ਸੀਮਾ ਤੇ 22 ਸਾਲਾ ਸਚਿਨ ਦਿੱਲੀ ਕੋਲ ਗਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਸਚਿਨ ਕਰਿਆਨੇ ਦੀ ਦੁਕਾਨ ਕਰਦਾ ਹੈ। ਸਥਾਨਕ ਉਰਦੂ ਰੋਜ਼ਾਨਾ ‘ਜੰਗ’ ਨੇ ਪਾਕਿਸਤਾਨੀ ਖੁਫੀਆ ਏਜੰਸੀਆਂ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ, ‘‘ਪਾਕਿਸਤਾਨੀ ਮਹਿਲਾ ਸੀਮਾ ਹੈਦਰ ਨੇ ਸਿਰਫ ਪਿਆਰ ਕਰ ਕੇ ਇਕ ਭਾਰਤੀ ਵਿਅਕਤੀ (ਸਚਿਨ ਮੀਣਾ) ਨਾਲ ਵਿਆਹ ਕਰਨ ਵਾਸਤੇ ਦੇਸ਼ ਛੱਡਿਆ, ਕਿਉਂ ਕਿ ਅਜੇ ਤੱਕ ਕੋਈ ਹੋਰ ਕਾਰਨ ਜਾਂ ਮਕਸਦ ਸਾਹਮਣੇ ਨਹੀਂ ਆਇਆ ਹੈ।’’ ਖ਼ਬਰ ਵਿੱਚ ਕਿਹਾ ਗਿਆ ਹੈ, ‘‘ਪਾਕਿਸਤਾਨੀ ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਸੀਮਾ ਦੇ ਦੇਸ਼ ਛੱਡਣ ਦਾ ਹਿੰਦੂ ਭਾਰਤੀ ਵਿਅਕਤੀ ਨਾਲ ਪਿਆਰ ਤੋਂ ਇਲਾਵਾ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ ਹੈ। ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ।’’
ਸੀਮਾ ਨੂੰ ਸੱਤ ਸਾਲ ਤੋਂ ਘੱਟ ਉਮਰ ਦੇ ਆਪਣੇ ਚਾਰ ਬੱਚਿਆਂ ਸਮੇਤ ਨੇਪਾਲ ਦੇ ਰਸਤੇ ਤੋਂ ਬਿਨਾਂ ਵੀਜ਼ਾ ਨਾਜਾਇਜ਼ ਤੌਰ ’ਤੇ ਭਾਰਤ ’ਚ ਦਾਖਲ ਹੋਣ ਦੇ ਦੋਸ਼ ਹੇਠ 4 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਚਿਨ ਨੂੰ ਨਾਜਾਇਜ਼ ਪਰਵਾਸੀਆਂ ਨੂੰ ਸ਼ਰਨ ਦੇਣ ਕਰ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ। ਬਾਅਦ ਵਿੱਚ ਦੋਹਾਂ ਨੂੰਜ਼ਮਾਨਤ ਤੋਂ ਰਿਹਾਅ ਕਰ ਦਿੱਤਾ ਗਿਆ।