ਪੇਈਚਿੰਗ, ਵਿਸ਼ਵ ਰੈਂਕਿੰਗ ’ਚ ਛੇਵੇਂ ਸਥਾਨ ’ਤੇ ਕਾਬਜ਼ ਕੈਰੋਲੀਨ ਵੋਜਨਿਆਕੀ ਨੂੰ ਅੱਜ ਇੱਥੇ ਚਾਈਨਾ ਓਪਨ ਦੇ ਪਹਿਲੇ ਦੌਰ ’ਚ ਸਥਾਨਕ ਮਜ਼ਬੂਤ ਦਾਅਵੇਦਾਰ ਵਾਂਗ ਕਿਆਂਗ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਪਰ ਉਹ ਜਿੱਤ ਦਰਜ ਕਰਕੇ ਅਗਲੇ ਦੌਰ ’ਚ ਪਹੁੰਚਣ ’ਚ ਕਾਮਯਾਬ ਰਹੀ। ਇਸ ਡੈਨਿਸ਼ ਖਿਡਾਰਨ ਨੇ 6-1, 6-7, 6-1 ਨਾਲ ਜਿੱਤ ਦਰਜ ਕੀਤੀ ਤੇ ਉਹ ਹੁਣ ਦੂਜੇ ਦੌਰ ’ਚ ਅਨਾਸਤਾਸੀਆ ਪਾਵਲਿਊਚੇਨਕੋਵਾ ਨਾਲ ਭਿੜੇਗੀ। ਵੋਜਨਿਆਕੀ ਪਿਛਲੇ ਹਫ਼ਤੇ ਵੁਹਾਨ ਓਪਨ ਦੇ ਸ਼ੁਰੂਆਤੀ ਦੌਰ ’ਚ ਬਾਹਰ ਹੋ ਗਈ ਸੀ, ਜਿਸ ਨੂੰ ਯੁਨਾਨ ਦੀ ਮਾਰੀਆ ਸਕਾਰੀ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦੂਜੇ ਪਾਸੇ ਸਾਬਕਾ ਚਾਈਨਾ ਓਪਨ ਚੈਂਪੀਅਨ ਐਗਨਿਸਕਾ ਰਾਦਵਾਂਸਕਾ ਨੇ ਜਰਮਨੀ ਦੀ ਕੁਆਲੀਫਾਇਰ ਕੈਰੀਨਾ ਵਿਦੋਫਟ ਨੂੰ 7-5, 6-3 ਨਾਲ ਮਾਤ ਦਿੱਤੀ।
ਇਸੇ ਤਰ੍ਹਾਂ ਸਾਬਕਾ ਨੰਬਰ ਇੱਕ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਾਤਵੀਆ ਦੀ ਅਨਾਸਤਾਸਿਜਾ ਸੇਵਸਤੋਵਾ ਨੂੰ 7-6, 5-7, 7-6 ਨਾਲ ਹਰਾ ਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ’ਚ ਪ੍ਰਵੇਸ਼ ਕਰ ਲਿਆ ਹੈ। ਨਿਊਯਾਰਕ ’ਚ ਤਕਰੀਬਨ 26 ਦਿਨ ਪਹਿਲਾਂ ਮਿਲੀ ਹਾਰ ਮਗਰੋਂ ਪਹਿਲੀ ਵਾਰ ਕੋਰਟ ’ਤੇ ਵਾਪਸੀ ਕਰ ਰਹੀ ਸ਼ਾਰਾਪੋਵਾ ਨੇ ਇੱਥੇ ਨੈਸ਼ਨਲ ਟੈਨਿਸ ਸਟੇਡੀਅਮ ’ਚ 16ਵੀਂ ਸੀਡ ਸੇਵਸਤੋਵਾ ਖ਼ਿਲਾਫ਼ ਇਹ ਮੁਕਾਬਲਾ ਤਿੰਨ ਘੰਟੇ ਅੱਠ ਮਿੰਟ ’ਚ ਜਿੱਤਿਆ। ਸ਼ਾਰਾਪੋਵਾ ਨੂੰ ਇਸ ਟੂਰਨਾਮੈਂਟ ’ਚ ਵਾਈਲਡ ਕਾਰਡ ਰਾਹੀਂ ਦਾਖਲਾ ਮਿਲਿਆ ਹੈ। ਸ਼ਾਰਾਪੋਵਾ ਦਾ ਹੁਣ ਦੂਜੇ ਦੌਰ ਮੁਕਾਬਲਾ ਅਮਰੀਕੀ ਕੁਆਲੀਫਾਇਰ ਜੇਨੀਫਰ ਰੈੱਡੀ ਤੇ ਰੂਸ ਦੀ ਏਕਾਤੇਰਿਨਾ ਮਾਕਾਰੋਵਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਦਿਨ ਦੇ ਹੋਰਨਾਂ ਮੁਕਾਬਲਿਆਂ ’ਚ ਦੂਜੀ ਸੀਡ ਸੋਮਾਨੀਆ ਦੀ ਸਿਮੋਨਾ ਹਾਲੇਪ ਨੇ ਅਮਰੀਕਾ ਦੀ ਐਲੀਸਨ ਰਿਸਕੇ ਨੂੰ ਸਖ਼ਤ ਮੁਕਾਬਲੇ ’ਚ 6-3, 3-6, 6-2 ਨਾਲ ਹਰਾ ਕੇ ਅਗਲੇ ਦੌਰ ’ਚ ਥਾਂ ਬਣਾ ਲਈ ਹੈ। ਜਰਮਨੀ ਦੀ ਐਂਜਲੀਕ ਕਰਬਰ ਨੇ ਜਪਾਨ ਦੀ ਨਾਓਮੀ ਓਸਾਕਾ ਨੂੰ 6-2, 7-5 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਦੋ ਵਾਰ ਦੀ ਵਿੰਬਲਡਨ ਚੈਂਪੀਅਨ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਨੇ ਹਮਵਤਨ ਕ੍ਰਿਸਟੀਨਾ ਪਲਿਸਕੋਵਾ ਨੂੰ ਹਰਾ ਕੇ ਅਗਲੇ ਦੌਰ ’ਚ ਜਗ੍ਹਾ ਬਣਾਈ। 12ਵੀਂ ਸੀਡ ਕਵਿਤੋਵਾ ਨੇ ਪਹਿਲੇ ਦੌਰ ’ਚ ਪਲਿਸਕੋਵਾ ਨੂੰ 6-3, 7-5 ਨਾਲ ਮਾਤ ਦਿੱਤੀ।