ਚਮਕੌਰ ਸਾਹਿਬ, 26 ਜਨਵਰੀ
ਇੱਥੇ ਸਖੀ ਸਰਵਰ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਦਰਗਾਹ ’ਤੇ ਧੂਣੀਆਂ ਦਾ ਮੇਲਾ ਲੋਕ ਗਾਇਕ ਦੁਰਗਾ ਰੰਗੀਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਮੱਖ ਮਹਿਮਾਨ ਅਤੇ ਡੀਜੀਪੀ ਪੰਜਾਬ ਪੁਲੀਸ ਲਾਅ ਐਂਡ ਆਡਰ ਹਰਦੀਪ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਸਨ। ਮੇਲੇ ਵਿੱਚ ਦਰਜਨ ਦੇ ਕਰੀਬ ਲੋਕ ਗਾਇਕਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਮੇਲੇ ਦੀ ਸ਼ੁਰੂਆਤ ਲੋਕ ਗਾਇਕ ਪ੍ਰਵੇਜ਼ ਖਾਨ ਨੇ ਧਾਰਮਿਕ ਗੀਤ ਨਾਲ ਕੀਤੀ। ਭਜਨਾ ਅਮਲੀ (ਗੁਰਦੇਵ ਢਿੱਲੋਂ) ਤੇ ਸੰਤੀ ਨੇ ਸ਼ੇਅਰੋ ਸ਼ਾਇਰੀ ਕਰਕੇ ਸਰੋਤਿਆਂ ਦੇ ਢਿੱਡੀ ਪੀੜਾਂ ਪਾਈਆਂ। ਗਾਇਕ ਰਾਜੂ ਰੋਪੜ ਸਮੇਤ ਕਈ ਗਾਇਕਾਂ ਨੇ ਖੂਬ ਰੰਗ ਬੰਨ੍ਹਿਆ ਤੇ ਨਾਮਵਰ ਕੱਵਾਲਾਂ ਨੇ ਵੀ ਸਰੋਤੇ ਕੀਲੇ। ਮੇਲੇ ਦੇ ਪ੍ਰਬੰਧਕ ਤੇ ਗਾਇਕ ਦੁਰਗਾ ਰੰਗੀਲਾ ਨੇ ‘ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ’ ਗੀਤ ਰਾਹੀਂ ਮੇਲੇ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਪਵਨ ਕੌਸ਼ਲ ਨੇ ਨਿਭਾਈ। ਕੈਬਨਿਟ ਮੰਤਰੀ ਸ੍ਰੀ ਚੰਨੀ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਚਮਕੌਰ ਸਾਹਿਬ ਦੇ ਵਿਕਾਸ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਜਲਦੀ ਹੀ ਸਕਿੱਲ ਯੂਨੀਵਰਸਿਟੀ ਖੋਲ੍ਹੀ ਜਾ ਰਹੀ ਹੈ, ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਰਿਆ ਸਤਲੁਜ ’ਤੇ ਪੁਲ ਵੀ ਬਣਾਇਆ ਜਾਵੇਗਾ। ਸ੍ਰੀ ਚੰਨੀ ਨੇ ਮੁਸਲਿਮ ਭਾਈਚਾਰੇ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 10 ਲੱਖ ਅਤੇ ਪੀਰ ਦੀ ਦਰਗਾਹ ਲਈ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਗੁਰਿੰਦਰ ਸਿੰਘ, ਕਾਰਜਸਾਧਕ ਅਫਸਰ ਮਨਜੀਤ ਸਿੰਘ, ਐੱਸਪੀ ਰੂਪਨਗਰ ਰਮਿੰਦਰ ਸਿੰਘ, ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ, ਨਗਰ ਪੰਚਾਇਤ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਇੰਸਪੈਕਟਰ ਰਾਜ ਕੁਮਾਰ ਆਦਿ ਹਾਜ਼ਰ ਸਨ।