ਮਾਨਸਾ, 22 ਜੁਲਾਈ
ਹਰਿਆਣਾ ਦੇ ਚਾਂਦਪੁਰਾ ਤੋਂ ਲੈ ਕੇ ਪੰਜਾਬ ਦੇ ਸਰਦੂਲਗੜ੍ਹ ਤੱਕ ਘੱਗਰ ਦਰਿਆ ਦੇ 60-70 ਕਿਲੋਮੀਟਰ ਦੇ ਖੇਤਰ ’ਚ ਇੱਕ ਦਰਜਨ ਤੋਂ ਵੱਧ ਪਾੜ ਪੈਣ ਕਾਰਨ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੁਢਲਾਡਾ, ਸਰਦੂਲਗੜ੍ਹ ਅਤੇ ਰਤੀਆ (ਹਰਿਆਣਾ) ਦੇ ਦਰਜਨਾਂ ਪਿੰਡਾਂ ਦੇ ਸਾਰੇ ਸੜਕੀ ਸੰਪਰਕ ਟੁੱਟ ਚੁੱਕੇ ਹਨ। ਹੜ੍ਹਾਂ ਤੋਂ ਪ੍ਰਭਾਵਿਤ ਇਨ੍ਹਾਂ ਪਿੰਡਾਂ ’ਚ ਸਿਰਫ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲਾ ਡੋਗਰਾ, ਰਿਉਂਦ ਕਲਾਂ, ਰਿਉਂਦ ਖੁਰਦ, ਕੁਲਰੀਆਂ, ਗੋਰਖਨਾਥ, ਮੰਡੇਰ ਅਤੇ ਹਰਿਆਣਾ ਦੇ ਪਿੰਡ ਬੱਬਣਪੁਰ, ਬਾਦਲਗੜ੍ਹ, ਚਾਂਦਪੁਰਾ, ਬਾਹਮਣਵਾਲਾ, ਲੁਠੇਰਾ, ਨੰਗਲ, ਸਰਦਾਰੇਵਾਲਾ ਅਤੇ ਰੋਜ਼ਾਵਾਲੀ ’ਚ ਫਸਲਾਂ ਦਾ 100 ਫੀਸਦੀ ਨੁਕਸਾਨ ਹੋਇਆ ਹੈ। ਧਰਾਤਲ ਤੋਂ ਜ਼ਿਆਦਾ ਨੀਵੇਂ ਹੋਣ ਕਾਰਨ ਪਿੰਡ ਬੀਰੇਵਾਲਾ ਡੋਗਰਾ, ਰਿਉਂਦ ਕਲਾਂ, ਰਿਉਂਦ ਖੁਰਦ, ਸਾਧੂਵਾਲਾ ਅਤੇ ਫੂਸਮੰਡੀ ਵਿੱਚ 6-6 ਫੁੱਟ ਪਾਣੀ ਜਮ੍ਹਾਂ ਹੋ ਗਿਆ। ਹੜ੍ਹਾਂ ਤੋਂ ਪ੍ਰਭਾਵਿਤ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ, ਮੱਛਰ, ਸਿਹਤ ਸਹੂਲਤਾਂ ਤੇ ਪਸ਼ੂਆਂ ਲਈ ਹਰੇ ਚਾਰੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਿਉਂਦ ਕਲਾਂ ਦੇ ਨੰਬਰਦਾਰ ਜਸਵਿੰਦਰ ਸਿੰਘ ਨੇ ਦੱਸਿਆ ਜੇ ਘੱਗਰ ’ਚ ਪਏ ਪਾੜ ਤੁਰੰਤ ਨਾ ਪੂਰੇ ਗਏ ਤਾਂ ਦਰਿਆ ਆਪਣਾ ਰਸਤਾ ਬਦਲ ਲਵੇਗਾ ਤੇ ਵੱਡੀ ਗਿਣਤੀ ਪਿੰਡ ਅਤੇ ਵਾਹੀਯੋਗ ਜ਼ਮੀਨ ਇਸ ਦੇ ਮਾਰ ਹੇਠ ਆ ਜਾਵੇਗੀ। ਜੇ ਮਾਨਸਾ ਦੇ ਪ੍ਰਸ਼ਾਸਨ ਨੇ ਪਹਿਲਾਂ ਵਾਂਗ ਅਣਗਹਿਲੀ ਜਾਰੀ ਰੱਖੀ ਤਾਂ ਪਿੰਡਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ। ਸਰਕਾਰ ਨੂੰ ਪਾਣੀ ਬਾਹਰ ਕੱਢਣ ਲਈ ਤੁਰੰਤ ਪ੍ਰਬੰਧ ਕਰਨੇ ਚਾਹੀਦੇ ਹਨ।