ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਉਣ ਵਾਲੇ ਚੋਣ ਵਰ੍ਹੇ ਦੌਰਾਨ ਆਪਣੇ ਐਮਪੀਜ਼ ਨੂੰ ਕੈਨੇਡੀਅਨਾਂ ਤੇ ਘਰੇਲੂ ਮਸਲਿਆਂ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ।
ਚੀਨ ਤੇ ਅਮਰੀਕਾ ਵਿਚਲੀ ਕਾਰੋਬਾਰੀ ਜੰਗ, ਬ੍ਰਿਟੇਨ ਦੀ ਯੂਰਪ ਤੋਂ ਵੱਖ ਹੋਣ ਦੀ ਅਧੂਰੀ ਇੱਛਾ, ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੱਥੋਂ ਨੌਕਰੀਆਂ ਖੁੱਸਣ ਦੇ ਡਰ ਵਰਗੇ ਮੁੱਦਿਆਂ ਦੇ ਮੱਦੇਨਜ਼ਰ ਟਰੂਡੋ ਵੱਲੋਂ ਇਹ ਵਿਚਾਰ ਪ੍ਰਗਟਾਏ ਗਏ ਹਨ। ਪਰ ਇਸ ਦੇ ਨਾਲ ਹੀ ਕੈਨੇਡਾ ਨੂੰ ਦਰਪੇਸ਼ ਚੁਣੌਤੀਆਂ, ਜਿਵੇਂ ਕਿ ਅਮਰੀਕਾ ਦੇ ਪੱਖ ਉੱਤੇ ਪਹਿਲੀ ਦਸੰਬਰ ਨੂੰ ਆਰਸੀਐਮਪੀ ਵੱਲੋਂ ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਚੀਨ ਤੇ ਕੈਨੇਡਾ ਦੇ ਸਬੰਧਾਂ ਵਿੱਚ ਆਈ ਕੁੜੱਤਣ, ਦੀ ਵੀ ਟਰੂਡੋ ਨੂੰ ਚਿੰਤਾ ਹੈ।
ਇਸ ਸਾਰੇ ਘਟਨਾਕ੍ਰਮ ਦੇ ਚੱਲਦਿਆਂ ਚੀਨ ਨੇ ਛੁੱਟੀ ਉੱਤੇ ਚੱਲ ਰਹੇ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰਿਗ ਤੇ ਕਾਰੋਬਾਰੀ ਮਾਈਕਲ ਸ਼ਪੇਵਰ ਨੂੰ ਆਪਣੇ ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸ ਕੇ ਪਿਛਲੇ ਹਫਤੇ ਨਜ਼ਰਬੰਦ ਕਰ ਲਿਆ। ਇਸ ਤੋਂ ਇਲਾਵਾ ਸਜ਼ਾ ਕੱਟ ਰਹੇ ਇੱਕ ਹੋਰ ਕੈਨੇਡੀਅਨ, ਰੌਬਰਟ ਲੌਇਡ ਸ਼ੈਲਨਬਰਗ ਨੂੰ ਨਸਿ਼ਆਂ ਦੀ ਸਮਗਲਿੰਗ ਲਈ ਮਿਲੀ ਪੰਦਰਾਂ ਸਾਲ ਦੀ ਸਜ਼ਾ ਦੇ ਮਾਮਲੇ ਦੀ ਮੁੜ ਸੁਣਵਾਈ ਕਰਕੇ ਉਸ ਦੀ ਸਜ਼ਾ ਨੂੰ ਵਧਾ ਕੇ ਮੌਤ ਦੀ ਸਜ਼ਾ ਕਰ ਦਿੱਤਾ ਗਿਆ।
ਐਤਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਲਿਬਰਲ ਐਮਪੀਜ਼ ਦੀ ਦੋ ਰੋਜ਼ਾ ਕਾਕਸ ਰਟਰੀਟ ਦੀ ਸ਼ੁਰੂਆਤ ਮੌਕੇ ਟਰੂਡੋ ਨੇ ਆਖਿਆ ਕਿ ਦੇਸ਼ ਭਰ ਨਹੀਂ ਸਗੋਂ ਦੁਨੀਆ ਭਰ ਦੇ ਲੋਕ ਉਨ੍ਹਾਂ ਖਬਰਾਂ ਨੂੰ ਲੈ ਕੇ ਬੇਚੈਨ ਹਨ ਜਿਹੜੀਆਂ ਉਨ੍ਹਾਂ ਦੀ ਕਮਿਊਨਿਟੀ ਜਾਂ ਦੇਸ਼ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ, ਜਿਵੇਂ ਕਿ ਹੜ੍ਹ ਆਉਣਾ ਤੇ ਅੱਗ ਆਦਿ ਨਾਲ ਕਈ ਇਲਾਕਿਆਂ ਦਾ ਮਿੰਟਾਂ ਵਿੱਚ ਹੀ ਖੁਰਾ ਖੋਜ ਮਿਟ ਜਾਣਾ ਆਦਿ ਵੀ ਵੱਡੀਆਂ ਚੁਣੌਤੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਟਰੂਡੋ ਨੇ ਦੋ ਹੋਰਨਾਂ ਕੌਮਾਂਤਰੀ ਮਸਲਿਆਂ ਦੀ ਗੱਲ ਨਹੀਂ ਕੀਤੀ।
ਚੋਣ ਵਰ੍ਹਾ ਹੋਣ ਕਾਰਨ ਟਰੂਡੋ ਦੀ ਲਿਬਰਲ ਸਰਕਾਰ ਲਈ ਕੌਮਾਂਤਰੀ ਸਿਰਦਰਦੀਆਂ ਨੇ ਵੱਖਰੀ ਪਰੇਸ਼ਾਨੀ ਖੜ੍ਹੀ ਕੀਤੀ ਹੋਈ ਹੈ। ਟਰੂਡੋ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੇ ਕੌਮਾਂਤਰੀ ਮੁੱਦਿਆਂ ਤੋਂ ਆਪਣਾ ਧਿਆਨ ਹਟਾ ਕੇ ਉਨ੍ਹਾਂ ਦੀ ਪਾਰਟੀ ਘਰੇਲੂ ਮਸਲਿਆਂ ਵੱਲ ਧਿਆਨ ਦੇਵੇ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸਿ਼ਸ਼ ਕਰੇ। ਇਸ ਲਈ ਟਰੂਡੋ ਨੇ ਇੱਕ ਤਰ੍ਹਾਂ ਆਪਣੀ ਪਾਰਟੀ ਨੂੰ ਅਕਤੂਬਰ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਕਮਰ ਕੱਸਣ ਦਾ ਸੰਕੇਤ ਦਿੱਤਾ।