ਓਟਵਾ, 8 ਮਈ : ਸੋਮਵਾਰ ਨੂੰ ਬੀਸੀ ਵਿੱਚ ਹੋਈਆਂ ਜਿ਼ਮਨੀ ਚੋਣਾਂ ਵਿੱਚ ਗ੍ਰੀਨ ਪਾਰਟੀ ਦੀ ਜਿੱਤ ਤੋਂ ਇਹ ਸਿੱਧ ਹੋ ਗਿਆ ਹੈ ਕਿ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਤੋਂ ਕੈਨੇਡੀਅਨਜ਼ ਪਹਿਲਾਂ ਹੀ ਕਿੰਨੇ ਬੇਚੈਨ ਹਨ। ਇਹ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖੀ। ਉਨ੍ਹਾਂ ਆਖਿਆ ਕਿ ਵਾਤਾਵਰਣ ਵਿੱਚ ਤਬਦੀਲੀਆਂ ਦਾ ਮੁੱਦਾ ਫੈਡਰਲ ਚੋਣਾਂ ਵਿੱਚ ਵੀ ਛਾਏ ਰਹਿਣ ਦੀ ਸੰਭਾਵਨਾ ਹੈ।
ਜਿ਼ਕਰਯੋਗ ਹੈ ਕਿ ਵੈਨਕੂਵਰ ਆਈਲੈਂਡ ਦੇ ਨਨੇਮੋ-ਲੇਡੀਸਮਿੱਥ ਹਲਕੇ ਵਿੱਚ ਹੋਈਆਂ ਜਿ਼ਮਨੀ ਚੋਣਾਂ ਵਿੱਚ ਗ੍ਰੀਨ ਪਾਰਟੀ ਦੇ ਉਮੀਦਵਾਰ ਪਾਲ ਮੈਨਲੀ ਨੂੰ 37.3 ਫੀ ਸਦੀ ਵੋਟਾਂ ਹਾਸਲ ਹੋਈਆਂ। ਕੰਜ਼ਰਵੇਟਿਵ ਉਮੀਦਵਾਰ ਜੌਹਨ ਹਰਸਟ 24.8 ਫੀ ਸੀਦ ਵੋਟਾਂ ਹਾਸਲ ਕਰਕੇ ਦੂਜੇ ਸਥਾਨ ਉੱਤੇ ਰਹੇ ਤੇ ਐਨਡੀਪੀ ਦੇ ਬੌਬ ਚੇਂਬਰਲਿਨ ਨੂੰ 23.1 ਫੀ ਸਦੀ ਵੋਟਾਂ ਹਾਸਲ ਹੋਈਆਂ ਤੇ ਉਹ ਤੀਜੇ ਸਥਾਨ ਉੱਤੇ ਰਹੇ।
ਲਿਬਰਲ ਉਮੀਦਵਾਰ ਮਾਈਕਲ ਕੌਰਫੀਲਡ ਸਿਰਫ 11 ਫੀ ਸਦੀ ਵੋਟਾਂ ਹੀ ਹਾਸਲ ਕਰ ਸਕੇ। ਇਹ ਸੀਟ ਸਾਬਕਾ ਐਨਡੀਪੀ ਐਮਪੀ ਸ਼ੀਲਾ ਮੈਲਕਮਸਨ ਵੱਲੋਂ ਖਾਲੀ ਕੀਤੀ ਗਈ ਸੀ। ਹੁਣ ਉਹ ਪ੍ਰੋਵਿੰਸ਼ੀਅਲ ਵਿਧਾਨਸਭਾ ਵਿੱਚ ਬੈਠਦੀ ਹੈ। ਪਰ ਇਸ ਜਿੱਤ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਕੋਈ ਨਕਾਰਾਤਮਕ ਅਸਰ ਨਹੀਂ ਪਿਆ ਲੱਗਦਾ।
ਮੰਗਲਵਾਰ ਨੂੰ ਕੈਬਨਿਟ ਮੀਟਿੰਗ ਤੋਂ ਪਹਿਲਾਂ ਟਰੂਡੋ ਨੇ ਆਖਿਆ ਕਿ ਅੱਜ ਅਸੀਂ ਦੇਸ਼ ਭਰ ਵਿੱਚ ਕੰਜ਼ਰਵੇਟਿਵ ਸਿਆਸਤਦਾਨਾਂ ਨੂੰ ਪ੍ਰੀਮੀਅਰ ਪੱਧਰ ਉੱਤੇ ਸਫਲ ਹੁੰਦਾ ਵੇਖ ਰਹੇ ਹਾਂ ਪਰ ਉਹ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ ਸਬੰਧੀ ਕੋਈ ਕਾਰਵਾਈ ਕਰਨ ਦੇ ਹੱਕ ਵਿੱਚ ਨਹੀਂ ਹਨ। ਟਰੂਡੋ ਨੇ ਆਖਿਆ ਕਿ ਅਹਿਮ ਗੱਲ ਇਹ ਹੈ ਕਿ ਕੈਨੇਡੀਅਨਾਂ ਨੂੰ ਇਸ ਸਾਲ ਦੇ ਅੰਤ ਵਿੱਚ ਉਹੀ ਸਰਕਾਰ ਚੁਣਨੀ ਚਾਹੀਦੀ ਹੈ ਜਿਹੜੀ ਵਾਤਾਵਰਣ ਸਬੰਧੀ ਕਾਰਵਾਈ ਕਰਨ ਲਈ ਵਚਨਬੱਧ ਹੋਵੇ। ਅਸੀਂ ਇਹ ਨੁਕਤਾ ਚੋਣ ਮੁਹਿੰਮ ਵਿੱਚ ਵੀ ਉਠਾਵਾਂਗੇ।
ਇੱਥੇ ਦੱਸਣਾ ਬਣਦਾ ਹੈ ਕਿ ਕਾਰਬਨ ਟੈਕਸ ਦੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਐਂਡਰਿਊ ਸ਼ੀਅਰ ਦੇ ਫੈਡਰਲ ਟੋਰੀਜ਼ ਦੇ ਨਾਲ ਨਾਲ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ, ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੋਂ ਸਖਤ ਖਿਲਾਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।