ਓਨਟਾਰੀਓ— ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਡੱਗ ਫੋਰਡ ਨੇ ਗ੍ਰੀਨਬੈਲਟ ਦੀ ਵਰਤੋਂ ਨਾਲ ਲੋਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣ ਦੇ ਆਪਣੇ ਬਿਆਨ ਤੋਂ ਯੂ-ਟਰਲ ਲੈ ਲਿਆ ਹੈ। ਉਨ੍ਹਾਂ ਨੇ ਬੁੱਧਵਾਰ ਦੁਪਹਿਰ ਨੂੰ ਇਹ ਐਲਾਨ ਕੀਤਾ ਕਿ ਓਨਟਾਰੀਓ ਵਾਸੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਉਨ੍ਹਾਂ ਇਹ ਫੈਸਲਾ ਕੀਤਾ ਹੈ ਕਿ ਓਨਟਾਰੀਓ ਦੀ ਪੀਸੀ ਸਰਕਾਰ ਵੱਲੋਂ ਗ੍ਰੀਨਬੈਲਟ ਨੂੰ ਬਰਕਰਾਰ ਰੱਖਿਆ ਜਾਵੇਗਾ।
ਡੱਗ ਨੇ ਕਿਹਾ ਕਿ ਉਨ੍ਹਾਂ ਨੇ ਸਸਤੇ ਘਰ ਉਸਾਰਨ ਲਈ ਇਸ ਦੀ ਵਰਤੋਂ ਕਰਨ ਬਾਰੇ ਸੋਚਿਆ ਸੀ ਪਰ ਬਹੁਤ ਸਾਰੇ ਲੋਕਾਂ ਨੂੰ ਇਸ ‘ਤੇ ਇਤਰਾਜ਼ ਸੀ ਤੇ ਉਹ ਨਹੀਂ ਸੀ ਚਾਹੁੰਦੇ ਕਿ ਗ੍ਰੀਨਬੈਲਟ ਨੂੰ ਛੇੜਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਨੂੰ ਮੁੱਖ ਰੱਖਕੇ ਸਰਕਾਰ ਚਲਾਉਣਗੇ ਨਾ ਕਿ ਉਨ੍ਹਾਂ ਦੀ ਸਰਕਾਰ ਬਣਨ ਪਿੱਛੋਂ ਮਨਮਰਜ਼ੀਆਂ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਖਿਆ ਕਿ ਗ੍ਰੀਨਬੈਲਟ ਨੂੰ ਨਹੀਂ ਛੇੜਨਾ ਚਾਹੀਦਾ ਤਾਂ ਅਸੀਂ ਅਜਿਹਾ ਨਹੀਂ ਕਰਾਂਗੇ। ਅਸੀਂ ਲੋਕਾਂ ਦੀ ਹਰ ਗੱਲ ਸੁਣਾਂਗੇ। ਹੁਣ ਜੀਟੀਏ ‘ਚ ਸਸਤੇ ਘਰਾਂ ਦੀ ਉਸਾਰੀ ਤੇ ਗ੍ਰੀਨਬੈਲਟ ਦੀ ਸੁਰੱਖਿਆ ‘ਤੇ ਜ਼ੋਰ ਦਿੱਤਾ ਜਾਵੇਗਾ।