ਓਟਵਾ, 5 ਫਰਵਰੀ  : ਪਾਰਲੀਆਮੈਂਟਰੀ ਕਮੇਟੀ ਵੱਲੋਂ ਗੋ ਫੰਡ ਮੀਂ (GoFundMe) ਦੇ ਨੁਮਾਇੰਦਿਆਂ ਨੂੰ ਸੱਦ ਕੇ ਉਨ੍ਹਾਂ ਤੋਂ ਇਹ ਪੁੱਛਗਿੱਛ ਕੀਤੇ ਜਾਣ ਉੱਤੇ ਸਹਿਮਤੀ ਬਣੀ ਹੈ ਕਿ ਉਹ ਦੱਸਣ ਕਿ ਉਨ੍ਹਾਂ ਦੇ ਪਲੇਟਫਾਰਮ ਉੱਤੇ ਇੱਕਠੇ ਕੀਤੇ ਗਏ ਫੰਡ ਨਫਰਤ, ਯਹੂਦੀ ਵਿਰੋਧੀ ਭਾਵਨਾਂਵਾਂ ਤੇ ਗੋਰਿਆਂ ਨੂੰ ਸਰਬਉੱਚ ਦੱਸਣ ਵਰਗੀਆਂ ਭਾਵਨਾਂਵਾਂ ਨੂੰ ਭੜਕਾਉਣ ਲਈ ਨਹੀਂ ਵਰਤੇ ਜਾਣਗੇ।
ਨਿਊ ਡੈਮੋਕ੍ਰੈਟ ਐਮਪੀ ਐਲਿਸਟੇਅਰ ਮੈਕਗ੍ਰੈਗਰ ਨੂੰ ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਦੀ ਪਬਲਿਕ ਸੇਫਟੀ ਕਮੇਟੀ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਮਿਲੀ ਜਦੋਂ ਉਨ੍ਹਾਂ ਨੇ ਗੋ ਫੰਡ ਮੀਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਇਹ ਸਵਾਲ ਪੁੱਛਣ ਦੀ ਤਜਵੀਜ਼ ਰੱਖੀ। ਗੋ ਫੰਡ ਮੀਂ ਵੱਲੋਂ ਵੈਕਸੀਨ ਦਾ ਵਿਰੋਧ ਕਰ ਰਹੇ ਟਰੱਕਰਜ਼ ਦੀ ਮਦਦ ਲਈ 10 ਮਿਲੀਅਨ ਡਾਲਰ ਇੱਕਠੇ ਕੀਤੇ ਗਏ ਹਨ। ਇਹ ਉਹੀ ਟਰੱਕਰਜ਼ ਹਨ ਜਿਨ੍ਹਾਂ ਨੇ ਇੱਕ ਹਫਤੇ ਤੋਂ ਦੇਸ਼ ਦੀ ਰਾਜਧਾਨੀ ਨੂੰ ਠੱਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਗੋ ਫੰਡ ਮੀਂ ਵੱਲੋਂ ਪਹਿਲਾਂ ਹੀ ਇੱਕ ਮਿਲੀਅਨ ਡਾਲਰ ਰਲੀਜ਼ ਕੀਤਾ ਜਾ ਚੁੱਕਿਆ ਹੈ। ਇਹ ਪੈਸਾ ਡਾਊਨਟਾਊਨ ਓਟਵਾ ਵਿੱਚ ਇਸ ਮੁਜ਼ਾਹਰੇ ਵਿੱਚ ਹਿੱਸਾ ਲੈ ਰਹੇ ਟਰੱਕਰਜ਼ ਤੇ ਉਨ੍ਹਾਂ ਦੇ ਸਮਰਥਕਾਂ ਦੇ ਫਿਊਲ, ਫੂਡ ਤੇ ਰਿਹਾਇਸ਼ ਲਈ ਮਦਦ ਵਾਸਤੇ ਦਿੱਤਾ ਗਿਆ ਹੈ।ਪਰ ਇਸ ਦੇ ਮੁਲਾਂਕਣ ਦੀ ਗੱਲ ਆਉਣ ਤੋਂ ਬਾਅਦ ਇਸ ਫਰੀਡਮ ਕੌਨਵੌਏ ਲਈ ਫੰਡ ਇੱਕਠੇ ਕਰਨ ਦੇ ਸਿਲਸਿਲੇ ਨੂੰ ਰੋਕ ਦਿੱਤਾ ਗਿਆ ਹੈ।